ਬਠਿੰਡਾ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਤੇ ਕਰੋੜਾਂ ਰੁਪਏ ਖਰਚ ਕਰਕੇ ਉਨ੍ਹਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ ਜਦੋਂ ਕਿ ਲਾਈਨੋਂ ਪਾਰ ਖੇਤਰ ਅੰਦਰ ਸਕੂਲਾਂ ਸੰਜੇ ਨਗਰ, ਪਰਸ ਰਾਮ ਨਗਰ, ਉੱਦਮ ਸਿੰਘ ਨਗਰ ਆਦਿ ਉੱਪਰ ਕਰੋੜਾਂ ਰੁਪਏ ਖਰਚ ਕਰਕੇ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਗਰੀਬ ਬਸਤੀਆਂ ਅੰਦਰ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਿਆ ਗਿਆ ਹੈ ਤਾਂ ਜੋ ਗ਼ਰੀਬ ਪਰਿਵਾਰਾਂ ਦੇ ਬੱਚੇ ਸਸਤੀ ਤੇ ਸੌਖੀ ਪੜ੍ਹਾਈ ਕਰ ਕੇ ਅੱਗੇ ਵਧ ਸਕਣ ।
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰ ਰਹੀ ਹੈ ਜਿਸ ਤਹਿਤ ਪਹਿਲਾਂ ਹੀ ਰੁਜ਼ਗਾਰ ਮੇਲੇ ਲਾ ਕੇ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਉੱਥੇ ਹੀ ਹੁਣ ਸਰਕਾਰੀ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ। ਵਿੱਤ ਮੰਤਰੀ ਵੀਰਵਾਰ ਨੂੰ ਨਗਰ ਨਿਗਮ ਚੋਣਾਂ ਵਿੱਚ ਖੜ੍ਹੇ ਹੋਏ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਹੋਏ ਸਨ ਜਿਸ ਦੌਰਾਨ ਉਨ੍ਹਾਂ ਅੱਜ ਬਠਿੰਡਾ ਵਿੱਚ ਵਾਰਡ ਨੰ. 1 ਤੋਂ ਕਾਂਗਰਸੀ ਉਮੀਦਵਾਰ ਮਨਜੀਤ ਕੌਰ ਸੰਧੂ , ਵਾਰਡ ਨੰ.44 ਤੋਂ ਕਾਂਗਰਸੀ ਉਮੀਦਵਾਰ ਇੰਦਰਜੀਤ ਸਿੰਘ , ਵਾਰਡ ਨੰ. 23 ਤੋਂ ਕਾਂਗਰਸੀ ਉਮੀਦਵਾਰ ਕਿਰਨ ਰਾਣੀ , ਵਾਰਡ ਨੰ. 46 ਤੋਂ ਕਾਂਗਰਸੀ ਉਮੀਦਵਾਰ ਰਤਨ ਰਾਹੀ ,ਵਾਰਡ ਨੰ. 5 ਤੋਂ ਕਾਂਗਰਸੀ ਉਮੀਦਵਾਰ ਸੋਨੀਆ ਬਾਂਸਲ ,ਵਾਰਡ 39 ਤੋਂ ਪੁਸ਼ਪਾ ਰਾਣੀ ਦੇ ਹੱਕ ਵਿੱਚ ਹੋਈ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ।