ਬਠਿੰਡਾ। ਸਟੇਟ ਬੈਂਕ ਆਫ ਇੰਡੀਆ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੈਟੀ) ਦੇ ਜਨਰਲ ਮੈਨੇਜਰ (ਐੱਫ.ਆਈ.ਐੱਮ.ਐੱਮ. ਨੈੱਟਵਰਕ) ਸ਼੍ਰੀ ਚੰਦਰ ਸ਼ੇਖਰ ਸ਼ਰਮਾ ਅਤੇ ਡਿਪਟੀ ਜਨਰਲ ਮੈਨੇਜਰ(ਐੱਫ.ਆਈ.ਐੱਮ.ਐੱਮ. ਨੈੱਟਵਰਕ) ਸ਼੍ਰੀ ਵਿਪਿਨ ਗੁਪਤਾ ਵੱਲੋਂ ਸਥਾਨਕ ਮਹੰਤ ਗੁਰਬੰਤਾ ਦਾਸ, ਡੈੱਫ ਅਤੇ ਡੰਬ ਸਕੂਲ ਦਾ ਦੌਰਾ ਕੀਤਾ। ਇਹ ਸਕੂਲ ਜ਼ਿਲਾ ਪ੍ਰਸਾਸ਼ਨ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਚਲਾਇਆ ਜਾ ਰਿਹਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਚੰਡੀਗੜ ਤੋਂ ਪਹੁੰਚੇ ਸਟੇਟ ਬੈਂਕ ਆਫ ਇੰਡੀਆ ਦੇ ਜਨਰਲ ਮੈਨੇਜਰ ਸ਼੍ਰੀ ਚੰਦਰ ਸ਼ੇਖਰ ਸ਼ਰਮਾ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੀ ਕਮਿਊਨਿਟੀ ਸਰਵਿਸ ਬੈਂਕਿੰਗ ਸਕੀਮ ਅਧੀਨ ਸਕੂਲ ਦੇ ਪਾਰਕ ਵਿੱਚ ਬੱਚਿਆਂ ਦੇ ਬੈਠਣ ਲਈ 6 ਬੈਂਚ, ਕੰਪਿਊਟਰ ਲੈਬ ਲਈ 40 ਬੈਟਰੀਆਂ ਮੁਹੱਈਆ ਕਰਵਾਈਆਂ ਗਈਆਂ ਜਿਸ ਨਾਲ ਕੰਪਿਊਟਰ ਲੈਬ ਸੁਚਾਰੂ ਰੂਪ ਨਾਲ ਚੱਲਣ ਲੱਗ ਗਈ। ਇਸ ਤੋਂ ਇਲਾਵਾ ਸਮਾਰਟ ਕਲਾਸਾਂ ਲਈ 5 ਲੈਕਚਰ ਸਟੈਂਡ, 9 ਕੁਰਸੀਆਂ, ਸਕੂਲ ਦੇ ਡਾਇਨਿੰਗ ਰੂਮ ਦੇ ਵਿੱਚ ਵਰਤੋਂ ਲਈ ਮੈਟ ਆਦਿ ਦਿੱਤੇ ਗਏ। ਉਨਾਂ ਵੱਲੋਂ ਕੋਰੋਨਾ ਬਿਮਾਰੀ ਦੇ ਮੱਦੇਨਜ਼ਰ ਆਧੁਨਿਕ ਸੈਨੀਟਾਈਜਰ ਡਿਸਪੈਂਸਰ ਅਤੇ ਸੈਨੀਟਾਈਜਰ ਵੀ ਵਿਦਿਆਰਥੀਆਂ ਲਈ ਸਕੂਲ ਨੂੰ ਮੁਹੱਈਆ ਕਰਵਾਏ ਗਏ।
ਇਸ ਦੌਰਾਨ ਜਨਰਲ ਮੈਨੇਜਰ ਸ਼੍ਰੀ ਚੰਦਰ ਸ਼ੇਖਰ ਸ਼ਰਮਾ ਨੇ ਦੱਸਿਆ ਕਿ ਇਸ ਤਰਾਂ ਦੇ ਸਮਾਜ ਸੇਵਾ ਦੇ ਕੰਮਾਂ ਲਈ ਸਟੇਟ ਬੈਂਕ ਆਫ ਇੰਡੀਆ ਹਮੇਸ਼ਾ ਤਿਆਰ ਰਹਿੰਦਾ ਹੈ ਅਤੇ ਭਵਿੱਖ ਵਿੱਚ ਵੀ ਇਹੋ ਜਿਹੇ ਕੰਮ ਕਰਦਾ ਰਹੇਗਾ। ਸਟੇਟ ਬੈਂਕ ਆਫ ਇੰਡੀਆ ਦੁਆਰਾ ਕੀਤੀ ਗਈ ਇਸ ਸਹਾਇਤਾ ਲਈ ਸਕੂਲ ਪਿ੍ਰੰਸੀਪਲ ਸ਼੍ਰੀਮਤੀ ਮਨਿੰਦਰ ਕੌਰ ਵਲੋਂ ਬੈਂਕ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਖੇਤਰੀ ਪ੍ਰਬੰਧਕ (ਐੱਫ.ਆਈ.ਐੱਮ.ਐੱਮ.) ਸ਼੍ਰੀ ਪਵਨ ਕੁਮਾਰ ਗੋਇਲ, ਸਟੇਟ ਬੈਂਕ ਆਫ ਇੰਡੀਆ ਦੇ ਹੋਰ ਅਧਿਕਾਰੀ ਅਤੇ ਆਰਸੈੱਟੀ ਦਾ ਸਮੂਹ ਸਟਾਫ ਵੀ ਹਾਜ਼ਰ ਸੀ।