ਬਠਿੰਡਾ. ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ , ਬਠਿੰਡਾ ਵਿਖੇ ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ ਅਤੇ ਇੰਡੀਅਨ ਸੁਸਾਇਟੀ ਆਫ਼ ਟੈਕਨੀਕਲ ਐਜੂਕੇਸ਼ਨ ਦੁਆਰਾ ਸਪਾਂਸਰ 'ਆਰਟੀਫਿਸ਼ਲ ਇੰਟੈਲੀਜੈਂਸ ਅਤੇ ਰੋਬੋਟਿਕਸ ਵਿੱਚ ਨਵੀਨ ਵਿਕਾਸ' ਬਾਰੇ 6 ਰੋਜ਼ਾ ਓਰੀਐਂਟੇਸ਼ਨ/ਰਿਫਰੈਸ਼ਰ ਪ੍ਰੋਗਰਾਮ ਕਰਵਾਇਆ ਗਿਆ। ਪਹਿਲੇ ਦਿਨ ਇਸ ਪ੍ਰੋਗਰਾਮ ਦੇ ਉਦਘਾਟਨ ਮੌਕੇ ਡਾ. ਪੀ. ਕੇ. ਖੋਸਲਾ, ਕਾਰਜਕਾਰੀ ਡਾਇਰੈਕਟਰ ਸੀ-ਡੈਕ, ਮੁਹਾਲੀ , ਪ੍ਰੋ. ਵਿਜੈ ਡੀ. ਵੈਦਿਆ, ਕਾਰਜਕਾਰੀ ਸਕੱਤਰ, ਆਈ.ਐੱਸ.ਟੀ.ਈ. ਅਤੇ ਕਰਨਲ ਬੀ. ਵੈਂਕਟ, ਡਾਇਰੈਕਟਰ, ਫੈਕਲਟੀ ਡਿਵੈਲਪਮੈਂਟ ਸੈੱਲ, ਏ.ਆਈ.ਸੀ.ਟੀ.ਈ., ਨਵੀਂ ਦਿੱਲੀ ਨੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਦੀ ਪ੍ਰਬੰਧਕੀ ਟੀਮ ਨੂੰ 'ਆਰਟੀਫਿਸ਼ਲ ਇੰਟੈਲੀਜੈਂਸ ਅਤੇ ਰੋਬੋਟਿਕਸ ਵਿੱਚ ਨਵੀਨ ਵਿਕਾਸ' ਬਾਰੇ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਉਣ ਲਈ ਚੁਣੇ ਜਾਣ 'ਤੇ ਵਧਾਈ ਦਿੱਤੀ ।
ਮੁੱਖ ਮਹਿਮਾਨ ਡਾ. ਖੋਸਲਾ ਨੇ ਏ.ਆਈ. ਅਤੇ ਰੋਬੋਟਿਕਸ ਦੀਆਂ ਭਵਿੱਖ ਦੀਆਂ ਐਪਲੀਕੇਸ਼ਨਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋ. ਵੈਦਿਆ ਨੇ ਅਜਿਹੇ ਪ੍ਰੋਗਰਾਮ ਦੀ ਲੋੜ ਬਾਰੇ ਜਾਣਕਾਰੀ ਦਿੱਤੀ ਜਦੋਂ ਕਿ ਕਰਨਲ ਬੀ. ਵੈਂਕਟ ਨੇ ਭਾਰਤ ਵਿੱਚ ਇੰਜੀਨੀਅਰਿੰਗ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ ਲਈ ਏ.ਆਈ.ਸੀ.ਟੀ.ਈ., ਨਵੀਂ ਦਿੱਲੀ ਦੇ ਵਿਭਿੰਨ ਮਿਆਰੀ ਉਪਰਾਲਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ।
ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਤੇਜਿੰਦਰ ਪਾਲ ਸਿੰਘ ਸਰਾਓ ਨੇ ਦੱਸਿਆ ਕਿ ਇਸ ਪ੍ਰੋਗਰਾਮ ਲਈ ਕਾਲਜ ਨੂੰ ਭਾਰਤ ਦੇ 23 ਰਾਜਾਂ ਦੇ 150 ਸੰਸਥਾਵਾਂ ਤੋਂ 267 ਫੈਕਲਟੀ ਮੈਂਬਰਾਂ ਅਤੇ 98 ਰਿਸਰਚ ਸਕਾਲਰਾਂ ਸਮੇਤ ਕੁੱਲ 365 ਰਜਿਸਟ੍ਰੇਸ਼ਨ ਪ੍ਰਾਪਤ ਹੋਈਆਂ । ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ ਅਤੇ ਇੰਡੀਅਨ ਸੁਸਾਇਟੀ ਆਫ਼ ਟੈਕਨੀਕਲ ਐਜੂਕੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਵਿੱਚੋਂ ਕੇਵਲ 100 ਭਾਗੀਦਾਰਾਂ ਨੂੰ ਹੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਗਈ । ਸੀ.ਐਸ.ਆਈ.ਆਰ.-ਸੀ.ਐਸ.ਆਈ.ਓ., ਚੰਡੀਗੜ੍ਹ, ਕਾਲਜ ਆਫ਼ ਇੰਜਨੀਅਰਿੰਗ, ਪੂਨੇ, ਆਈ.ਆਈ.ਟੀ., ਰੋਪੜ, ਆਈ.ਆਈ.ਟੀ., ਕਾਨਪੁਰ, ਨਿਟਰ ਚੰਡੀਗੜ੍ਹ , ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ (ਬਠਿੰਡਾ), ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ, ਸੀ-ਡੈਕ, ਮੁਹਾਲੀ ਵਰਗੇ ਪ੍ਰਸਿੱਧ ਸੰਸਥਾਵਾਂ ਤੋਂ ਮਾਹਿਰਾਂ ਸਮੇਤ ਇੰਡਸਟਰੀ ਤੋਂ ਵੀ ਮਾਹਿਰਾਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਫੈਕਲਟੀ ਮੈਂਬਰਾਂ ਨੂੰ ਭਾਸ਼ਣ ਦਿੱਤੇ।
ਇਸ ਪ੍ਰੋਗਰਾਮ ਵਿੱਚ ਪਹਿਲੇ ਦਿਨ ਆਈ.ਆਈ.ਟੀ., ਰੋਪੜ ਦੀ ਪ੍ਰੋ. ਏਕਤਾ ਸਿੰਗਲਾ ਨੇ ਰੋਬੋਟ ਓਪਰੇਟਿੰਗ ਸਿਸਟਮ ਬਾਰੇ ਭਾਸ਼ਣ ਦਿੱਤਾ । ਸੀ.ਐਸ.ਆਈ.ਆਰ., ਚੰਡੀਗੜ੍ਹ ਦੇ ਸੀਨੀਅਰ ਸਾਇੰਟਿਸਟ ਡਾ. ਪ੍ਰਸ਼ਾਂਤ ਕੁਮਾਰ ਨੇ ਆਪਣੇ ਭਾਸ਼ਣ ਵਿੱਚ ਵਿਸ਼ਲੇਸ਼ਣ ਦੇ ਉੱਚ ਪੱਧਰੀ ਪ੍ਰਕਿਰਿਆ ਦੀ ਵਰਤੋਂ ਕਰਦਿਆਂ ਅਨੁਕੂਲ ਫ਼ੈਸਲਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ। ਦੂਜੇ ਦਿਨ ਕਾਲਜ ਆਫ਼ ਇੰਜਨੀਅਰਿੰਗ, ਪੂਨੇ ਤੋਂ ਡਾ. ਸਚੀ ਨੰਦਨ ਨੇ ਡੂੰਘੀ ਸਿਖਲਾਈ ਅਤੇ ਇਸ ਦੀਆਂ ਐਪਲੀਕੇਸ਼ਨਾਂ ਬਾਰੇ ਵਿਚਾਰ ਸਾਂਝੇ ਕੀਤੇ । ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਦੇ ਪ੍ਰੋ. ਅਸ਼ੀਸ਼ ਸਿੰਗਲਾ ਨੇ ਮੇਟਲੈਬ ਦੀ ਵਰਤੋਂ ਨਾਲ ਰੋਬੋਟ ਨਿਯੰਤਰਨ ਪ੍ਰੋਗਰਾਮਿੰਗ ਬਾਰੇ ਅਤੇ ਨਿਟਰ, ਚੰਡੀਗੜ੍ਹ ਦੇ ਪ੍ਰੋ. ਐਸ.ਐਸ. ਧਾਮੀ ਨੇ ਰੋਬੋਟਿਕਸ ਵਿੱਚ ਵਰਤੇ ਜਾਣ ਵਾਲੇ ਸੈਂਸਰਾਂ, ਐਕਟੂਏਟਰਾਂ ਅਤੇ ਕੰਟਰੋਲਰਾਂ ਬਾਰੇ ਵਿਚਾਰ ਵਟਾਂਦਰੇ ਕੀਤੇ। ਤੀਜੇ ਦਿਨ ਪ੍ਰੋ. ਅਸ਼ੀਸ਼ ਸਿੰਗਲਾ ਨੇ ਰੋਬੋਟਿਕਸ ਰਿਸਰਚ ਵਿੱਚ ਨਵੀਆਂ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸੀ-ਡੈਕ, ਮੁਹਾਲੀ ਤੋਂ ਮਿਸ ਸੋਨੀਆ ਦੁਸਾਂਝ ਨੇ ਆਪਣੇ ਸੈਸ਼ਨ ਵਿੱਚ 'ਆਰਟੀਫਿਸ਼ਲ ਇੰਟੈਲੀਜੈਂਸ' ਵਿੱਚ ਕੰਪਿਊਟਰ ਵਿਜ਼ਨ ਬਾਰੇ ਵਿਚਾਰ ਵਟਾਂਦਰਾ ਕੀਤਾ ਜਦੋਂ ਕਿ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ (ਬਠਿੰਡਾ) ਦੀ ਪ੍ਰੋ. ਅਮਨਦੀਪ ਕੌਰ ਨੇ ਰੋਬੋਟਿਕਸ ਵਿੱਚ 'ਆਰਟੀਫਿਸ਼ਲ ਇੰਟੈਲੀਜੈਂਸ' ਬਾਰੇ ਗੱਲਬਾਤ ਕੀਤੀ।
ਪ੍ਰੋਗਰਾਮ ਦੇ ਚੌਥੇ ਦਿਨ, ਸੀ.ਐਸ.ਆਈ.ਆਰ.-ਸੀ.ਐਸ.ਆਈ.ਓ., ਚੰਡੀਗੜ੍ਹ ਦੇ ਸੀਨੀਅਰ ਸਾਇੰਟਿਸਟ ਡਾ. ਰਿਤੇਸ਼ ਕੁਮਾਰ ਨੇ ਇਨਸੈਂਬਲ ਲਰਨਿੰਗ ਐਂਡ ਐਲਗੋਰਿਦਮਿਕ ਅਮਲ 'ਤੇ ਮਾਹਿਰ ਭਾਸ਼ਣ ਦਿੱਤਾ ਅਤੇ ਸੀਨੀਅਰ ਸਾਇੰਟਿਸਟ ਡਾ. ਰਿਸ਼ਮਜੀਤ ਕੌਰ ਨੇ ਮਸ਼ੀਨ ਲਰਨਿੰਗ ਮਾਡਲਾਂ ਅਤੇ ਪ੍ਰਦਰਸ਼ਨ ਮੈਟ੍ਰਿਕਸ ਦੇ ਮੁਲਾਂਕਣ ਬਾਰੇ ਵਿਚਾਰ ਵਟਾਂਦਰੇ ਕੀਤੇ ਜਦੋਂ ਕਿ ਕਾਲਜ ਆਫ਼ ਇੰਜਨੀਅਰਿੰਗ, ਪੂਨੇ ਤੋਂ ਡਾ. ਵਹੀਦਾ ਅੱਤਰ ਨੇ ਮਸ਼ੀਨ ਲਰਨਿੰਗ ਮਾਡਲਾਂ ਦੇ ਜਾਂਚ ਬਾਰੇ ਵਿਚਾਰ ਚਰਚਾ ਕੀਤੀ ।
ਪੰਜਵੇਂ ਦਿਨ, ਆਈ.ਆਈ.ਟੀ., ਕਾਨਪੁਰ ਦੇ ਪ੍ਰੋ. ਅਸ਼ੀਸ਼ ਦੱਤਾ ਨੇ ਮੋਬਾਈਲ ਰੋਬੋਟਿਕਸ ਵਿੱਚ ਮਸ਼ੀਨ ਲਰਨਿੰਗ 'ਤੇ ਗੱਲਬਾਤ ਕੀਤੀ। ਮੈਗਮਾ ਰਿਸਰਚ ਐਂਡ ਕੰਸਲਟੈਂਸੀ ਸਰਵਿਸ਼ਿਜ਼ (ਇੰਡੀਆ) ਦੇ ਡਾਇਰੈਕਟਰ ਡਾ. ਗੌਰਵ ਕੁਮਾਰ ਨੇ ਮਸ਼ੀਨ ਲਰਨਿੰਗ ਲਈ ਪ੍ਰਮੁੱਖ ਭਾਸ਼ਾ ਵਜੋਂ ਪਾਈਥਨ ਭਾਸ਼ਾ ਬਾਰੇ ਦੱਸਿਆ। ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਆਖ਼ਰੀ ਦਿਨ ਆਨਲਾਈਨ ਕੁਇਜ਼ ਕਰਵਾਇਆ ਗਿਆ ਅਤੇ ਸਮਾਪਤੀ ਸਮਾਗਮ ਤੋਂ ਬਾਅਦ ਭਾਗੀਦਾਰਾਂ ਦੀ ਪ੍ਰਤੀਕਿਰਿਆ ਵੀ ਜਾਣੀ ਗਈ। ਅੰਤ ਵਿੱਚ ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਨੇ ਸਾਰਿਆਂ ਲਈ ਧੰਨਵਾਦੀ ਸ਼ਬਦ ਕਹੇ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਅਤੇ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ ।