-ਪੰਜ ਸਾਲ ਵਿੱਚ ਕਦੇ ਵੀ ਮੁਲਾਜ਼ਮਾਂ ਨੂੰ ਤਨਖਾਹ ਜਾਂ ਪੈਨਸ਼ਨ ਅਤੇ ਹੋਰ ਸਕੀਮਾਂ ਵਾਲੇ ਲਾਭਪਾਤਰੀਆਂ ਨੂੰ ਦੁਖੀ ਨਹੀਂ ਹੋਣ ਦਿੱਤਾ, ਲੋਕਾਂ ਨੂੰ ਦਿੱਤੀਆਂ ਵੱਡੀਆਂ ਰਾਹਤਾਂ
-ਕੋਰੋਨਾ ਮਹਾਂਮਾਰੀ ਦੇ ਕਾਲੇ ਦੌਰ ਵਿੱਚ ਜਿੱਥੇ ਹੋਰ ਸਰਕਾਰਾਂ ਬੇਵੱਸ ਹੋ ਗਈਆਂ ਕਾਂਗਰਸ ਸਰਕਾਰ ਨੇ ਪੀਡ਼ਤ ਪਰਿਵਾਰਾਂ ਦੀ ਕੀਤੀ ਹਰ ਮੱਦਦ, ਤਨਖਾਹ ਵਿੱਚ ਵੀ ਨਹੀਂ ਹੋਈ ਕਟੌਤੀ
-ਬਾਦਲ ਪਰਿਵਾਰ ਨਾਲ ਬਹੁਤ ਚਿਰ ਤੋਂ ਰਿਸ਼ਤਾ ਖ਼ਤਮ
ਬਠਿੰਡਾ 4 ਫ਼ਰਵਰੀ . ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਅਤੇ ਪੰਜਾਬ ਸਰਕਾਰ ਦੀ ਪੰਜ ਸਾਲ ਦੀ ਕਾਰਗੁਜ਼ਾਰੀ ਤੇ ਖੁੱਲ੍ਹ ਕੇ ਬੋਲੇ। ਉਨ੍ਹਾਂ ਵਿਸ਼ੇਸ਼ ਗੱਲਬਾਤ ਦੌਰਾਨ ਦਿਲ ਦੀਆਂ ਗੱਲਾਂ ਕਰਦੇ ਹੋਏ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪੰਜ ਸਾਲ ਦੇ ਸਮੇਂ ਵਿੱਚ ਸੂਬੇ ਦੇ ਹਿੱਤਾਂ ਦੀ ਪੈਰਵਾਈ ਕਰਨ ਅਤੇ ਲੋਕ ਹਿੱਤਾਂ ਦੀ ਰਖਵਾਲੀ ਲਈ ਪੂਰੀ ਵਚਨਬੱਧਤਾ ਤਹਿਤ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਅਕਾਲੀ ਦਲ ਸਮੇਂ ਜਿਹੜੇ ਹਾਲਾਤ ਖਜ਼ਾਨੇ ਦੇ ਸਨ ਉਸ ਖ਼ਜ਼ਾਨੇ ਵਿੱਚੋਂ ਕਿਸੇ ਲਈ ਕੁਝ ਵੀ ਨਹੀਂ ਦਿੱਤਾ ਜਾ ਸਕਦਾ ਸੀ ਜਿਸ ਨੂੰ ਉਨ੍ਹਾਂ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕਰਕੇ ਮਜ਼ਬੂਤ ਬਣਾਇਆ ਅਤੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ, ਵੱਡੀਆਂ ਰਾਹਤਾਂ ਦਿੱਤੀਆਂ, ਇਥੋਂ ਤੱਕ ਕਿ ਕਦੇ ਵੀ ਪੈਨਸ਼ਨਰਾਂ ਜਾਂ ਮੁਲਾਜ਼ਮਾਂ ਨੂੰ ਪੈਨਸ਼ਨ ਜਾਂ ਤਨਖ਼ਾਹ ਤੋਂ ਵਾਂਝੇ ਨਹੀਂ ਰਹਿਣ ਦਿੱਤਾ, ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਜਿੱਥੇ ਹੋਰਨਾਂ ਸੂਬਿਆਂ ਜਾਂ ਦੇਸ਼ਾਂ ਦੀਆਂ ਸਰਕਾਰਾਂ ਬੇਵੱਸ ਹੋ ਗਈਆਂ, ਉਨ੍ਹਾਂ ਮਾੜੇ ਹਾਲਾਤ ਵਿੱਚ ਵੀ ਪੰਜਾਬ ਸਰਕਾਰ ਨੇ ਅਪਣੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦਿਤੀ ਅਤੇ ਪੀਡ਼ਤ ਪਰਿਵਾਰਾਂ ਦੀ ਬਾਂਹ ਫੜੀ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਔਖਾ ਨਹੀਂ ਹੋਣ ਦਿੱਤਾ ਤੇ ਹਰ ਸਹੂਲਤ ਮੁਹੱਈਆ ਕਰਵਾਈ । ਉਨ੍ਹਾਂ ਕਿਹਾ ਕਿ ਸੂਬੇ ਨੂੰ ਆਰਥਿਕਤਾ ਪੱਖੋਂ ਮਜ਼ਬੂਤ ਕਰਕੇ ਵੱਡਿਆਂ ਪ੍ਰਾਜੈਕਟਾਂ ਨਾਲ ਵਿਕਾਸ ਦੀ ਰਾਹ ਤੇ ਤੋਰਨਾ ਵੱਡੀ ਪ੍ਰਾਪਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਹਿੱਤ ਵਿੱਚ ਲੰਬੀਆਂ ਲੜਾਈਆਂ ਲੜਕੇ ਹੋਂਦ ਵਿੱਚ ਆਈ ਹੈ ਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ, ਜਿਸ ਨੇ ਦੇਸ਼ ਨੂੰ ਬਹੁਤ ਵੱਡੇ ਫ਼ੈਸਲਿਆਂ ਨਾਲ ਸੁਰੱਖਿਅਤ ਰੱਖਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਵੱਡਿਆਂ ਵੱਡਿਆਂ ਦੇ ਭਰਮ ਤੋੜ ਦਿੱਤੇ ਤੇ ਇਨ੍ਹਾਂ ਹਾਲਾਤ ਵਿੱਚ ਵਿਰੋਧੀ ਕੁਝ ਵੀ ਨਹੀਂ ਵਿਗਾੜ ਸਕਦੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਦੇ ਪੰਜ ਸਾਲ ਦੇ ਸਮੇਂ ਵਿੱਚ ਕਰਵਾਏ ਵਿਕਾਸ ਦੇ ਨਾਂ ਤੇ ਦੂਸਰੀ ਵਾਰ ਸਰਕਾਰ ਬਣਾਏਗੀ ਤੇ ਉਹ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਬਾਦਲ ਪਰਿਵਾਰ ਨਾਲ ਮਿਲੀਭੁਗਤ ਜਾਂ ਨੇੜਤਾ ਦੇ ਲੱਗ ਰਹੇ ਦੋਸ਼ਾਂ ਤੇ ਖੁੱਲ੍ਹ ਕੇ ਬੋਲਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਾਦਲ ਪਰਿਵਾਰ ਨਾਲ ਪਿਛਲੇ ਗਿਆਰਾਂ ਸਾਲ ਤੋਂ ਰਿਸ਼ਤਾ ਖ਼ਤਮ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਸਹਿਯੋਗ ਅਤੇ ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਪੰਜਾਬ ਦੀ ਖੁਸ਼ਹਾਲੀ, ਹਰ ਵਰਗ ਦੀ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਤੇ ਦਿਨ ਰਾਤ ਮਿਹਨਤ ਕਰਨ ਲਈ ਵਚਨਬੱਧ ।
No comments:
Post a Comment