ਹੁਣ ਤੱਕ 80 ਆਕਸੀਜਨ ਕੰਨਸਨਟ੍ਰੇਟਰਾਂ ਦੀ ਕੀਤੀ ਜਾ ਚੁੱਕੀ ਹੈ ਮੁਫ਼ਤ ਵੰਡ: ਬਲਦੀਪ ਸੰਧੂ
ਬਠਿੰਡਾ: ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਅੱਜ ਇੱਥੋਂ ਦੇ ਉਦਯੋਗਿਕ ਖੇਤਰ ਵਿੱਚ ਸਥਿਤ ਮਿੱਤ ਸੂਮੀ ਐਗਰੀ ਸਾਇੰਸ ਪ੍ਰਾਈਵੇਟ ਲਿਮਟਿਡ ਦਾ ਦੌਰਾ ਕਰਕੇ ਇਸ ਵੱਲੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਭਿਆਨਕ ਬਿਮਾਰੀ ਤੋਂ ਲੋਕਾਂ ਦੇ ਬਚਾਅ ਹਿੱਤ ਦਿੱਤੇ ਜਾ ਰਹੇ ਮੁਫ਼ਤ ਆਕਸੀਜਨ ਕੰਨਸਨਟ੍ਰੇਟਰਾਂ ਲਈ ਸ਼ਲਾਘਾ ਕੀਤੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਅਤੇ ਜ਼ਿਲਾ ਪ੍ਰਸਾਸ਼ਨ ਵੱਲੋਂ ਦਿੱਤੀ ਗਈ ਪ੍ਰੇਰਨਾ ਸਦਕਾ ਯੂ.ਐਸ.ਏ. ਅਧਾਰਿਤ ਪੰਜਾਬ ਚੈਂਬਰ ਆਰਗੇਨਾਈਜੇਸ਼ਨ ਵੱਲੋਂ ਇਸ ਮੁਸੀਬਤ ਦੀ ਘੜੀ ਵਿੱਚ ਮਨੁੱਖਤਾ ਦੀ ਭਲਾਈ ਲਈ ਨਿਸ਼ਕਾਮ ਸੇਵਾ ਕਰਦਿਆਂ ਕਰੋਨਾ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਲਈ ਮੁਫ਼ਤ ਕੰਨਸਨਟ੍ਰੇਟਰ ਮੁਹੱਈਆ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਆਕਸੀਜਨ ਕੰਨਸਨਟ੍ਰੇਟਰ ਨਾਲ ਪਲਸ ਆਕਸੀਮੀਟਰ ਅਤੇ ਮਾਸਕ ਆਦਿ ਵੀ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਨੇ ਹੋਰ ਦੱਸਿਆ ਕਿ ਇਸ ਮਹਾਂਮਾਰੀ ਦੇ ਭਿਆਨਕ ਦੌਰ ਵਿੱਚ ਯੂ.ਐਸ.ਏ. ਅਧਾਰਿਤ ਪੰਜਾਬ ਚੈਂਬਰ ਆਰਗੇਨਾਈਜੇਸ਼ਨ ਦੇ ਨੁਮਾਇੰਦਿਆਂ ਡਾ. ਗੁਰਮੀਤ ਗਿੱਲ ਅਤੇ ਡਾ. ਵਸੀਨ ਬਾਵਾ ਵੱਲੋਂ ਯੂ.ਐਸ.ਏ. ਦੀ ਧਰਤੀ 'ਤੇ ਬੈਠਿਆਂ ਪੰਜਾਬ ਦੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਇੱਕ ਵਡਮੁੱਲਾ ਤੇ ਸ਼ਲਾਘਾਯੋਗ ਕਦਮ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਚੈਂਬਰ ਆਰਗੇਨਾਈਜੇਸ਼ਨ ਦੇ ਭਾਰਤੀ ਮੈਂਬਰ ਅਤੇ ਮਿੱਤ ਸੂਮੀ ਐਗਰੀ ਸਾਇੰਸ ਪ੍ਰਾਈਵੇਟ ਲਿਮਟਿਡ ਦੇ ਐਮ.ਡੀ. ਸ਼੍ਰੀ ਬਲਦੀਪ ਸਿੰਘ ਸੰਧੂ ਨੇ ਦੱਸਿਆ ਕਿ ਆਰਗੇਨਾਈਜੇਸ਼ਨ ਵੱਲੋਂ ਹੁਣ ਤੱਕ 80 ਆਕਸੀਜਨ ਕੰਨਸਨਟੇ੍ਰਟਰ ਬਠਿੰਡਾ ਵਿਖੇ ਭੇਜੇ ਗਏ ਸਨ। ਜਿੰਨਾਂ ਵਿੱਚੋਂ 50 ਆਕਸੀਜਨ ਕੰਨਸਨਟ੍ਰੇਟਰ ਪਟਿਆਲਾ, ਜਲੰਧਰ, ਅੰਮ੍ਰਿਤਸਰ ਸਾਹਿਬ, ਮੁਹਾਲੀ, ਫਰੀਦਕੋਟ ਆਦਿ ਜ਼ਿਲਿਆਂ ਦੇ ਹਸਪਤਾਲਾਂ ਨੂੰ ਮੁਫ਼ਤ ਵੰਡੇ ਜਾ ਚੁੱਕੇ ਹਨ ਅਤੇ 30 ਆਕਸੀਜਨ ਕੰਨਸਨਟੇ੍ਰਟਰ ਪੇਂਡੂ ਖੇਤਰ ਨਾਲ ਸਬੰਧਿਤ ਕਰੋਨਾ ਪ੍ਰਭਾਵਿਤ ਪਿੰਡਾਂ ਤੇ ਕਸਬਿਆਂ ਨੂੰ ਵੰਡੇ ਜਾ ਰਹੇ ਹਨ।
ਇਸ ਆਕਸੀਜਨ ਕੰਨਸਨਟ੍ਰੇਟਰ ਦੀ ਕਾਰਜਵਿਧੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਬਲਦੀਪ ਸੰਧੂ ਨੇ ਦੱਸਿਆ ਕਿ ਇਸ ਨਾਲ ਇੱਕੋ ਸਮੇਂ ਦੋ ਮਰੀਜ਼ਾਂ ਨੂੰ 24 ਘੰਟੇ ਲਗਾਤਾਰ ਆਕਸੀਜਨ ਦਿੱਤੀ ਜਾ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਸ ਆਕਸੀਜਨ ਕੰਨਸਨਸਟ੍ਰੇਟਰ ਵੱਲੋਂ ਆਕਸੀਜਨ ਕੁਦਰਤੀ ਹਵਾ ਵਿੱਚੋਂ ਹੀ ਪ੍ਰਾਪਤ ਕੀਤੀ ਜਾਂਦੀ ਹੈ।
ਬਠਿੰਡਾ ਮਿਸ਼ਨ ਫ਼ਤਿਹ/ 135782 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ-ਡਿਪਟੀ ਕਮਿਸ਼ਨਰ
ਬਠਿੰਡਾ. ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ਵਿੱਚ ਹੁਣ ਤੱਕ 135782 ਵਿਅਕਤੀ ਕਰੋਨਾ ਵੈਕਸੀਨ ਲਗਵਾ ਚੁੱਕੇ ਹਨ। ਉਨਾਂ ਅੱਗੇ ਦੱਸਿਆ ਕਿ ਇਨਾਂ ਵਿੱਚ 12567 ਹੈਲਥ ਵਰਕਰਜ਼, 26455 ਫਰੰਟ ਲਾਇਨ ਵਰਕਰਜ਼, 18 ਤੋਂ 44 ਸਾਲ ਤੱਕ ਦੇ ਰਜਿਸਟਰਡ ਉਸਾਰੀ ਕਿਰਤੀ 7708 ਅਤੇ 45 ਤੋਂ 60 ਤੱਕ 34647 ਵਿਅਕਤੀਆਂ ਨੂੰ ਤੇ ਇਸੇ ਤਰਾਂ 60 ਸਾਲ ਤੋਂ ਵਧੇਰੇ ਉਮਰ ਦੇ 27131 ਬਜ਼ੁਰਗਾਂ ਨੂੰ ਪਹਿਲੀ ਡੋਜ਼ ਲਗਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੌਰਮਿੰਟ ਇੰਸਟੀਚਿਊਟਸ ਵਿੱਚ 5083 ਹੈਲਥ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 2366 ਨੂੰ ਦੂਜੀ ਡੋਜ਼, 22558 ਫਰੰਟ ਲਾਇਨ ਵਰਕਰਜ਼ ਨੂੰ ਪਹਿਲੀ ਡੋਜ਼ ਅਤੇ 4857 ਨੂੰ ਦੂਜੀ ਡੋਜ਼, 18 ਤੋਂ 44 ਸਾਲ ਤੱਕ 7708 ਵਿਅਕਤੀਆਂ ਨੂੰ ਪਹਿਲੀ ਡੋਜ਼, 45 ਤੋਂ 59 ਸਾਲ ਤੱਕ 30378 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 8294 ਵਿਅਕਤੀਆਂ ਨੂੰ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 22928 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 5784 ਵਿਅਕਤੀਆਂ ਨੂੰ ਦੂਜੀ ਡੋਜ਼ ਦਿੱਤੀ ਗਈ ਹੈ।