ਬਠਿੰਡਾ: ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅਪਣੇ ਹਲਕਾ ਬਠਿੰਡਾ ਸ਼ਹਿਰੀ ਦੇ ਦੌਰੇ ਦੌਰਾਨ ਆਖਿਆ ਹੈ ਕਿ ਪੰਜਾਬ ਦੇ ਵਿਕਾਸ ਲਈ ਸੂਬਾ ਸਰਕਾਰ ਕੋਲ ਫੰਡ ਦੀ ਕੋਈ ਘਾਟ ਨਹੀਂ ਹੈ ਅਤੇ ਰਾਜ ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ ਹਰਿਆਣਾ ਦੇ 8000 ਕਰੋੜ ਦੇ ਮੁਕਾਬਲੇ 14000 ਕਰੋੜ ਰੁਪਏ ਪੂੰਜੀ ਖਰਚ ਵਜੋਂ ਵਿਕਾਸ ਪ੍ਰੋਜੈਕਟਾਂ ਲਈ ਰੱਖੇ ਹਨ।ਉਨਾਂ ਅੱਜ ਇੱਥੇ ਨਗਰ ਨਿਗਮ ਬਠਿੰਡਾ ਦੇ ਕੌਂਸਲਰਾਂ ਅਤੇ ਨਿਗਮ ਅਧਿਕਾਰੀਆਂ ਨਾਲ ਇਕ ਬੈਠਕ ਤੋਂ ਬਾਅਦ ਇਹ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਉਨਾਂ ਬਠਿੰਡਾ ਸ਼ਹਿਰ ਦੇ ਵਿਕਾਸ ਲਈ 4.59 ਕਰੋੜ ਰੁਪਏ ਦੀ ਰਕਮ ਵੀ ਨਗਰ ਨਿਗਮ ਨੂੰ ਜਾਰੀ ਕੀਤੀ। ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਸ ਮੌਕੇ ਇਕ ਖਾਸ ਐਲਾਨ ਕਰਦਿਆਂ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੀ ਸ਼ਾਮਲਾਟ 'ਤੇ 12 ਸਾਲ ਤੋਂ ਪੁਰਾਣੇ ਰਹਿ ਰਹੇ ਲੋਕਾਂ ਨੂੰ ਉਨਾਂ ਦੀ ਥਾਂ ਦਾ ਮਾਲਕੀ ਹੱਕ ਦੇਣ ਲਈ ਨੀਤੀ ਬਣਾ ਕੇ ਇਕ ਵਿਸ਼ੇਸ਼ ਕੈਂਪ ਲਗਾ ਕੇ ਸਾਰੀ ਕਾਰਵਾਈ ਮੁਕੰਮਲ ਕੀਤੀ ਜਾਵੇ। ਉਨਾਂ ਨੇ ਕਿਹਾ ਕਿ ਕੁਲੈਕਟਰ ਰੇਟ ਤੇ ਇਹ ਜ਼ਮੀਨ ਇੱਥੇ ਰਹਿ ਰਹੇ ਲੋਕਾਂ ਨੂੰ ਦਿੱਤੀ ਜਾਵੇਗੀ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਨਿਗਮ ਦੀਆਂ ਦੁਕਾਨਾਂ ਦੇ ਕਿਰਾਏਦਾਰ ਵੀ ਜੇਕਰ ਚਾਹੁਣ ਤਾਂ ਦੁਕਾਨਾਂ ਨੂੰ ਖਰੀਦ ਕਰ ਸਕਦੇ ਹਨ। ਇਸ ਲਈ ਵੀ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਸ: ਬਾਦਲ ਨੇ ਦੁਹਰਾਇਆ ਕਿ ਦੀਵਾਲੀ ਤੱਕ ਸ਼ਹਿਰ ਦੇ ਵਾਰਡਾਂ ਵਿਚ ਚੱਲ ਰਹੇ ਸਾਰੇ ਵਿਕਾਸ ਪ੍ਰੋਜੈਕਟ ਪੂਰੇ ਕਰਕੇ ਲੋਕ ਸਮਰਪਿਤ ਕਰ ਦਿੱਤੇ ਜਾਣਗੇ। ਇਸ ਮੌਕੇ ਨਗਰ ਨਿਗਮ ਦੇ ਮੇਅਰ ਰਮਨ ਗੋਇਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨਗਰ ਨਿਗਮ ਪਹੁੰਚਣ ਤੇ ਵਿਸ਼ੇਸ਼ ਸਵਾਗਤ ਕੀਤਾ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਸ਼ੌਕ ਪ੍ਰਧਾਨ, ਡਿਪਟੀ ਮੇਅਰ ਹਰਮੰਦਰ ਸਿੰਘ ਸਿੱਧੂ, ਇੰਪਰੂਵਮੈਂਟ ਟਰੱਸਟ ਚੇਅਰਮੈਨ ਕੇ ਕੇ ਅਗਰਵਾਲ, ਕਾਂਗਰਸੀ ਆਗੂ ਜੈਜੀਤ ਜੌਹਲ, ਸ਼੍ਰੀ ਅਰੁਣ ਵਧਾਵਨ, ਮੈਂਬਰ ਫਾਇਨਾਂਸ ਕਮੇਟੀ ਪ੍ਰਵੀਨ ਗਰਗ, ਬਲਜਿੰਦਰ ਠੇਕੇਦਾਰ, ਸੰਦੀਪ ਗੋਇਲ, ਰਾਜਨ ਗਰਗ, ਪਵਨ ਮਾਨੀ ਅਤੇ ਸਮੂਹ ਕੌਂਸਲਰ ਮੌਜੂਦ ਸਨ। ਵਿੱਤ ਮੰਤਰੀ ਸ: ਬਾਦਲ ਨੇ ਕਿਹਾ ਕਿ ਕੌਂਸਲਰਾਂ ਨਾਲ ਸ਼ਹਿਰ ਦੇ ਵਿਕਾਸ ਦੀ ਚਰਚਾ ਲਈ ਹਰ 15 ਦਿਨਾਂ ਬਾਅਦ ਬੈਠਕ ਹੋਇਆ ਕਰੇਗੀ ਅਤੇ ਇਸ ਦੌਰਾਨ ਕੌਂਸਲਰਾਂ ਦੇ ਸੁਝਾਅ ਅਨੁਸਾਰ ਨਿਗਮ ਵੱਲੋਂ ਕੀਤੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਹੋਇਆ ਕਰੇਗੀ। ਉਨਾਂ ਨਿਗਮ ਅਧਿਕਾਰੀਆਂ ਨੂੰ ਵੀ ਸੱਪਸ਼ਟ ਕੀਤਾ ਕਿ ਚੁਣੇ ਹੋਏ ਨੁੰਮਾਇੰਦਿਆਂ ਦੀ ਜਨਤਕ ਕੰਮਾਂ ਪ੍ਰਤੀ ਰਾਏ ਨੂੰ ਪਹਿਲ ਦੇ ਅਧਾਰ ਤੇ ਮੰਨਦੇ ਹੋਏ ਕੰਮ ਮੁਕੰਮਲ ਕੀਤੇ ਜਾਣ। ਇਸ ਤੋਂ ਪਹਿਲਾਂ ਉਨਾਂ ਨੇ ਕੌਂਸਲਰਾਂ ਨਾਲ ਇੱਕਲੇ-ਇੱਕਲੇ ਨਾਲ ਗੱਲਬਾਤ ਕਰਦਿਆਂ ਉਨਾਂ ਦੇ ਵਾਰਡਾਂ ਦੇ ਵਿਕਾਸ ਕਾਰਜਾਂ ਸਬੰਧੀ ਚਰਚਾ ਕੀਤੀ। ਜ਼ਿਆਦਾਤਰ ਕੌਂਸਲਰਾਂ ਨੇ ਦੱਸਿਆ ਕਿ 90 ਫੀਸਦੀ ਕੰਮ ਲਗਭਗ ਮੁੰਕਮਲ ਹੋ ਚੁੱਕੇ ਹਨ ਅਤੇ ਬਕਾਇਆ ਕੰਮ ਵੀ ਜਲਦ ਪੂਰੇ ਹੋਣ ਵਾਲੇ ਹਨ। ਇਸ ਤੇ ਵਿੱਤ ਮੰਤਰੀ ਨੇ ਕਿਹਾ ਕਿ ਸਹਿਰ ਦੇ ਵਿਕਾਸ ਲਈ ਫੰਡ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਹਿਰ ਦੇ ਚੱਲ ਰਹੇ ਸਾਰੇ ਵੱਡੇ ਵਿਕਾਸ ਪ੍ਰੋਜੈਕਟ ਵੀ ਤੈਅ ਸਮਾਂ ਹੱਦ ਵਿਚ ਪੂਰੇ ਕੀਤੇ ਜਾਣਗੇੇ। ਬੈਠਕ ਉਪਰੰਤ ਵਿੱਤ ਮੰਤਰੀ ਸ. ਬਾਦਲ ਨੇ ਬੀਤੇ ਦਿਨੀਂ ਇੱਥੋਂ ਦੇ ਰਾਜਧਾਨੀ ਕਲਾਥ ਹਾਊਸ ਵਾਲਿਆਂ ਦੇ ਘਰ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਪਰਿਵਾਰ ਨੂੰ ਹੌਂਸਲਾ ਦਿੰਦਿਆਂ ਹਰ ਤਰਾਂ ਦੀ ਮਦਦ ਕਰਨ ਦਾ ਭਰੋਸਾ ਦਵਾਇਆ।