-ਚਕੋਣਾ ਮੁਕਾਬਲਾ ਹੋਣ ਦਾ ਕਾਂਗਰਸ ਨੂੰ ਮਿਲੇਗਾ ਲਾਭ, ਬਣੇਗੀ ਸਰਕਾਰ
-ਮੁੱਖ ਮੰਤਰੀ ਉਮੀਦਵਾਰ ਦਾ ਫੈਸਲਾ ਹਾਈ ਕਮਾਂਡ ਦੇ ਹੱਥ, ਆਪ ਕੋਲ ਆਮ ਆਦਮੀ ਨਹੀਂ, ਦੂਜੀਆਂ ਪਾਰਟੀਆਂ ਦੇ ਆਗੂ
ਬਠਿੰਡਾ . ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ । ਇਸ ਮੌਕੇ ਉਨ੍ਹਾਂ ਦੇ ਨਾਲ ਸਪੁੱਤਰ ਅਰਜਨ ਬਾਦਲ, ਸਪੁੱਤਰੀ ਰੀਆ ਬਾਦਲ,ਭਤੀਜੀ ਮਨੰਤ ਜੌਹਲ ਅਤੇ ਹੋਰ ਪਰਿਵਾਰਕ ਮੈਂਬਰ ਤੇ ਸੀਨੀਅਰ ਕਾਂਗਰਸ ਲੀਡਰ, ਵਕੀਲ ਸਾਹਿਬਾਨ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਸ਼ਹਿਰ ਵਾਸੀਆਂ ਵੱਲੋਂ ਜੋ ਉਮੀਦ ਨਾਲ ਉਨ੍ਹਾਂ ਨੂੰ ਵੋਟਾਂ ਪਾਈਆਂ ਸੀ ਉਸ ਤੇ ਪੂਰੀ ਦਿਲੋਂ ਮਿਹਨਤ ਕੀਤੀ ਗਈ ਹੈ ਤੇ ਬਠਿੰਡਾ ਦੇ ਪਰਿਵਾਰ ਨੂੰ ਤਰੱਕੀ ਵੱਲ ਲਿਜਾਣ ਲਈ ਹਰ ਯਤਨ ਕੀਤੇ ਗਏ ਹਨ ਪ੍ਰੰਤੂ ਉਨ੍ਹਾਂ ਵੱਲੋਂ ਦੋ ਕੰਮ ਬਠਿੰਡਾ ਦੇ ਬੱਸ ਸਟੈਂਡ ਨੂੰ ਨਵਾਂ ਬਣਾਉਣਾ ਅਤੇ ਕਚਰਾ ਪਲਾਂਟ ਨੂੰ ਬੰਦ ਕਰਵਾਉਣਾ ਪੂਰਾ ਨਹੀਂ ਹੋਇਆ , ਜਿਸ ਨੂੰ ਪੂਰਾ ਕਰਨ ਲਈ ਵੀ ਮਿਹਨਤ ਕੀਤੀ ਗਈ ਪਰ ਕਾਨੂੰਨੀ ਅੜਚਨਾ ਕਾਰਨ ਇਹ ਪ੍ਰਾਜੈਕਟ ਪੂਰੇ ਨਹੀਂ ਹੋ ਸਕੇ ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਮਕਸਦ ਚੋਣ ਜਿੱਤਣ ਦੇ ਨਾਲ ਦਿਲ ਜਿੱਤਣਾ ਵੀ ਰਿਹਾ ਹੈ ਜਿਸ ਲਈ ਉਨ੍ਹਾਂ ਹਮੇਸ਼ਾਂ ਕੋਸ਼ਿਸ਼ ਕੀਤੀ ਤੇ ਹਰ ਵਰਗ ਲਈ ਸਹੂਲਤ ਮੁਹੱਈਆ ਕਰਵਾਉਣ ਦੇ ਨਾਲ ਸਮੱਸਿਆਵਾਂ ਦਾ ਵੀ ਸਮੇਂ ਸਿਰ ਨਿਪਟਾਰਾ ਕੀਤਾ । ਕੀ ਮਨਪ੍ਰੀਤ ਸਿੰਘ ਬਾਦਲ ਮੁੱਖ ਮੰਤਰੀ ਉਮੀਦਵਾਰ ਦਾ ਚਿਹਰਾ ਹਨ ਦੇ ਪੁੱਛੇ ਸਵਾਲ ਦੇ ਜਵਾਬ ਵਿੱਚ ਮਨਪ੍ਰੀਤ ਬਾਦਲ ਵਿੱਤ ਮੰਤਰੀ ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਵੇਗਾ ਇਹ ਫੈਸਲਾ ਪਾਰਟੀ ਹਾਈ ਕਮਾਂਡ ਦੇ ਹੱਥ ਹੈ ਜਿਸ ਨੂੰ ਬਣਾਉਣਗੇ ਉਹ ਸਿਰ ਮੱਥੇ ਹੋਵੇਗਾ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ ਜਿਸ ਨੇ ਪੂਰੀ ਦੁਨੀਆਂ ਨੂੰ ਨਵੇਂ ਰਾਹ ਦਿਖਾਏ ਹਨ। ਬਠਿੰਡਾ ਸ਼ਹਿਰ ਵਿੱਚ ਆਪ ਦੇ ਉਮੀਦਵਾਰ ਅਤੇ ਭਾਜਪਾ ਦੇ ਉਮੀਦਵਾਰ ਬਾਗ਼ੀ ਕਾਂਗਰਸੀ ਹੋਣ ਕਰਕੇ ਨੁਕਸਾਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਆਪ ਕੋਲ ਆਮ ਆਦਮੀ ਨਹੀਂ ਬਲਕਿ ਦੂਜੀਆਂ ਪਾਰਟੀਆਂ ਦੇ ਲੀਡਰ ਹਨ ਜਿਨ੍ਹਾਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਗਿਆ ਹੈ ਤੇ ਚਾਰ ਕੋਣਾ ਮੁਕਾਬਲਾ ਹੋਣ ਦਾ ਕਾਂਗਰਸ ਨੂੰ ਸਿੱਧਾ ਲਾਭ ਮਿਲੇਗਾ ,ਇਨ੍ਹਾਂ ਉਮੀਦਵਾਰਾਂ ਨਾਲ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ ਅਤੇ ਕਾਂਗਰਸ ਦੀ ਸਰਕਾਰ ਬਣੇਗੀ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਨੂੰ ਮੁੱਖ ਰੱਖ ਕੇ ਵੋਟ ਦਾ ਇਸਤੇਮਾਲ ਕਰਨ ਅਤੇ ਦੂਸਰੀ ਵਾਰ ਕੰਮ ਕਰਨ ਦਾ ਮੌਕਾ ਦੇਣ ਤਾਂ ਜੋ ਬਠਿੰਡਾ ਸ਼ਹਿਰ ਨੂੰ ਤਰੱਕੀ ਦੀ ਰਾਹ ਤੇ ਹੋਰ ਮਜ਼ਬੂਤ ਕੀਤਾ ਜਾ ਸਕੇ । ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਲੀਡਰਸ਼ਿਪ ਵੀ ਹਾਜ਼ਰ ਸੀ ।
No comments:
Post a Comment