ਬਠਿੰਡਾ: ਜ਼ਿਲੇ ਦੀਆਂ ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿੱਚ ਕਣਕ ਦੀ ਖਰੀਦ ਅਤੇ ਲਿਫ਼ਟਿੰਗ ਸਮੇਂ ਸਿਰ ਹੋ ਰਹੀ ਹੈ । ਹੁਣ ਤਕ ਜ਼ਿਲੇ ਦੀਆਂ ਅਨਾਜ ਮੰਡੀਆਂ ਤੇ ਵੱਖ-ਵੱਖ ਖਰੀਦ ਕੇਂਦਰਾਂ ਚ ਕਰੀਬ 390079 ਮੀਟ੍ਰਿਕ ਟਨ ਕਣਕ ਦੀ ਆਮਦ ਅਤੇ 341366 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ। ਇਸ ਤੋਂ ਇਲਾਵਾ 135701 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੋਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਸਾਂਝੀ ਕੀਤੀ। ਉਨਾਂ ਕਿਹਾ ਕਿ ਕਿਸਾਨਾਂ ਨੂੰ ਖਰੀਦ ਪ੍ਰਕਿਰਿਆ ਦੌਰਾਨ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਜ਼ਿਲੇ ਦੀਆਂ ਸਮੂਹ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ’ਚ ਵੱਖ-ਵੱਖ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਸ੍ਰੀ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਨੇ 101095 ਮੀਟਿ੍ਰਕ ਟਨ, ਮਾਰਕਫੈਡ ਨੇ 80859 ਮੀਟਿ੍ਰਕ ਟਨ, ਪਨਸਪ ਨੇ 89575 ਮੀਟਿ੍ਰਕ ਟਨ, ਵੇਅਰ ਹਾਊਸ ਨੇ 59605 ਮੀਟਿ੍ਰਕ ਟਨ ਅਤੇ ਐਫ.ਸੀ.ਆਈ. ਨੇ 10232 ਮੀਟਿ੍ਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿਚ ਕਿਸਾਨਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਮੰਡੀ ਅਫਸਰ ਸ੍ਰੀ ਪ੍ਰੀਤਕੰਵਰ ਸਿੰਘ ਬਰਾੜ ਨੇ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਕਿਸਾਨਾਂ ਅਤੇ ਲੇਬਰ ਨਾਲ ਸਬੰਧਤ ਵਿਅਕਤੀਆਂ ਲਈ ਛਾਂ, ਰੋਸ਼ਨੀ, ਪੀਣ ਲਈ ਸਾਫ਼ ਪਾਣੀ ਤੋਂ ਇਲਾਵਾ ਹੱਥ ਧੋਣ, ਮਾਸਕ ਅਤੇ ਸਾਫ਼ ਸਫ਼ਾਈ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ।
ਕਿਸਾਨਾਂ ਤੇ ਲੇਬਰ ਨੂੰ ਕਰੋਨਾ ਤੋਂ ਬਚਾਓ ਲਈ ਲਗਾਏ ਜਾ ਰਹੇ ਨੇ ਵਿਸੇਸ ਕੈਂਪ : ਡਿਪਟੀ ਕਮਿਸਨਰ
ਬਠਿੰਡਾ: ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਨੂੰ ਠੱਲਣ ਦੇ ਮੱਦੇਨਜ਼ਰ ਜ਼ਿਲੇ ਦੀਆਂ ਸਮੂਹ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਕਿਸਾਨਾਂ, ਲੇਬਰ ਤੇ ਖਰੀਦ ਪ੍ਰਕਿਰਿਆ ਨਾਲ ਜੁੜੇ ਅਮਲੇ ਦੀ ਸੁਰੱਖਿਆ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ।
ਇਨਾਂ ਕੈਂਪਾਂ ਦੌਰਾਨ ਅਨਾਜ ਮੰਡੀਆਂ ਵਿਚ ਕਣਕ ਲੈ ਕੇ ਆਉਣ ਵਾਲੇ ਕਿਸਾਨਾਂ ਲੇਬਰ ਤੇ ਖਰੀਦ ਪ੍ਰਕਿਰਿਆ ਨਾਲ ਜੁੜੇ ਹੋਰ ਅਮਲੇ ਦੇ ਕੋਰੋਨਾ ਟੀਕਾਕਰਨ ਕੀਤਾ ਜਾ ਰਿਹਾ ਹੈ । ਇਨਾਂ ਵਿਸ਼ੇਸ਼ ਕੈਂਪਾਂ ਦੌਰਾਨ ਹੁਣ ਤੱਕ ਜ਼ਿਲੇ ਚ 454 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ । ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਟੀਕਾਕਰਨ ਦੌਰਾਨ ਵੱਖ-ਵੱਖ ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕਿਸਾਨਾਂ ਅਤੇ ਲੇਬਰ ਨੂੰ ਕਰੋਨਾ ਤੋਂ ਬਚਾਅ ਲਈ ਵਿਸੇਸ ਤੌਰ ਤੇ ਜਾਗਰੂਕ ਘਰ ਦੇ ਨਾਲ ਨਾਲ ਉਨਾਂ ਨੂੰ ਮਾਸਕ, ਸੈਨੀਟਾਈਜ਼ਰ ਆਦਿ ਦੀ ਵਰਤੋਂ ਕਰਨ ਅਤੇ ਸਰੀਰਕ ਦੂਰੀ ਬਣਾਈ ਰੱਖਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਠੱਲ ਪਾਈ ਜਾ ਸਕੇ।
ਜ਼ਿਲੇ ਦੀਆਂ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਲਗਾਈ ਗਈ ਕੋਰੋਨਾ ਵੈਕਸੀਨ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਅਨਾਜ ਮੰਡੀ ਬਠਿੰਡਾ ਵਿਖੇ 118 ਵਿਅਕਤੀਆਂ , ਐਫ ਸੀ ਆਈ ਨਾਲ ਸਬੰਧਤ 141 ਲੇਬਰ ਤੇ ਮੁਲਾਜਮਾਂ, ਦਫਤਰ ਮਾਰਕੀਟ ਕਮੇਟੀ ਅਤੇ ਮਾਰਕਫੈੱਡ ਨਾਲ ਸਬੰਧਤ 41-41 ਵਿਅਕਤੀਆਂ, ਪਨਸਪ ਨਾਲ ਸੰਬੰਧਤ 18 ਵਿਅਕਤੀਆਂ, ਦਫਤਰ ਮਾਰਕੀਟ ਕਮੇਟੀ ਬਠਿੰਡਾ ਨਾਲ ਸਬੰਧਤ 30, ਮਾਰਕੀਟ ਕਮੇਟੀ ਰਾਮਪੁਰਾ ਨਾਲ ਸਬੰਧਤ 19 ਅਤੇ ਮਾਰਕੀਟ ਕਮੇਟੀ ਭੁੱਚੋ ਮੰਡੀ ਨਾਲ ਸਬੰਧਤ 9 ਵਿਅਕਤੀਆਂ ਦੇ ਕੋਰੋਨਾ ਵੈਕਸੀਨ ਲਗਾਈ ਗਈ ਹੈ । ਇਸੇ ਤਰਾਂ ਖਰੀਦ ਕੇਂਦਰ ਪਥਰਾਲਾ ਵਿਖੇ 7 ਵਿਅਕਤੀਆਂ, ਅਨਾਜ ਮੰਡੀ ਸੰਗਤ ਵਿਖੇ 23 ਵਿਅਕਤੀਆਂ ਅਤੇ ਅਨਾਜ ਮੰਡੀ ਤਲਵੰਡੀ ਸਾਬੋ ਵਿਖੇ 7 ਵਿਅਕਤੀਆਂ ਨੂੰ ਇਨਾਂ ਵਿਸ਼ੇਸ਼ ਕੈਂਪਾਂ ਮੌਕੇ ਕੋਰੋਨਾ ਵੈਕਸੀਨ ਲਗਾਈ ਗਈ ।