ਮਨ ਨੂੰ ਮਿਲਦੀ ਹੈ ਖੁਸ਼ੀ ਜਦੋਂ ਇਲਾਕਾ ਨਿਵਾਸੀ ਕਹਿੰਦੇ ਹਨ ਤੁਸੀਂ ਸਾਡੇ ਇਲਾਕੇ ਦੇ ਸਰਕਾਰੀ ਸਕੂਲ ਦੀ ਕਾਇਆਕਲਪ ਕੀਤੀ
ਮਾਲ ਰੋਡ ਤੇ ਸਥਿਤ ਲੜਕੀਆਂ ਦਾ ਸਕੂਲ 20 ਕਰੋੜ ਦੀ ਲਾਗਤ ਨਾਲ ਬਣੇ ਰਿਹਾ ਪੰਜਾਬ ਦਾ ਸਭ ਤੋਂ ਸੁੰਦਰ ਅਤੇ ਮਹਿੰਗਾ ਸਰਕਾਰੀ ਸਕੂਲ
ਬਠਿੰਡਾ 8 ਫ਼ਰਵਰੀ. ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਚੋਣ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਅੱਜ ਲਾਈਨੋਂ ਪਾਰ ਇਲਾਕੇ ਵਿੱਚ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਅਤੇ ਮੁਹਿੰਮ ਨੂੰ ਭਖਵਾਂ ਰੂਪ ਦਿੰਦੇ ਹੋਏ ਇਲਾਕਾ ਨਿਵਾਸੀਆਂ ਤੋਂ ਪਿਛਲੇ ਪੰਜ ਸਾਲਾਂ ਵਿੱਚ ਕਰਵਾਏ ਵਿਕਾਸ ਦੇ ਨਾਂ ਤੇ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕੀਤੀ । ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਲੋਕਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਪੂਰਾ ਇਲਾਕਾ ਪੰਜੇ ਦੇ ਹੱਕ ਵਿੱਚ ਨਿੱਤਰਦਾ ਹੋਇਆ ਨਜ਼ਰ ਆਇਆ। ਇੱਕਠ ਤੋਂ ਗਦਗਦ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਲਾਈਨੋ ਪਾਰ ਇਲਾਕੇ ਪਰਸ ਰਾਮ ਨਗਰ ਦੇ ਲੋਕ ਇਹ ਗੱਲ ਕਹਿੰਦੇ ਹਨ ਕਿ ਬਰਸਾਤੀ ਪਾਣੀ ਦੇ ਨਿਕਾਸ ਦੀ ਪਿਛਲੇ ਚਾਲੀ ਸਾਲ ਪੁਰਾਣੀ ਸਮੱਸਿਆ ਦਾ ਤੁਸੀਂ ਹੱਲ ਕੀਤਾ ਹੈ, ਜਿਸ ਨਾਲ ਇਸ ਇਲਾਕੇ ਨੂੰ ਫ਼ਾਇਦਾ ਮਿਲਿਆ ਹੈ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਵੀ ਹੱਲ ਹੋਇਆ ਹੈ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਰ ਸਮੱਸਿਆ ਦਾ ਹੱਲ ਕਰਨ ਦੇ ਯਤਨ ਕੀਤੇ ਗਏ ਹਨ ਤੇ ਇਲਾਕੇ ਨੂੰ ਵਿਕਾਸ ਦੀ ਰਾਹ ਤੇ ਤੋਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਵੱਡੇ ਯਤਨ ਕੀਤੇ ਗਏ ਤੇ 15 ਸਕੂਲਾਂ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਸੁੰਦਰ ਬਣਾਇਆ ਗਿਆ ਜਿਸ ਨਾਲ ਸਿੱਖਿਆ ਖੇਤਰ ਵਿੱਚ ਬਠਿੰਡਾ ਮੋਹਰੀ ਬਣ ਕੇ ਉੱਭਰੇਗਾ ਅਤੇ ਸਰਕਾਰੀ ਸਕੂਲਾਂ ਦੇ ਬੱਚਿਆ ਨੂੰ ਵੀ ਪ੍ਰਾਇਵੇਟ ਸਕੂਲਾ ਵਰਗੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਮਾਲ ਰੋਡ ਤੇ ਸਥਿਤ ਲੜਕੀਆਂ ਦਾ ਸਕੂਲ ਪੰਜਾਬ ਦਾ ਸਭ ਤੋਂ ਸੁੰਦਰ ਸਕੂਲ ਬਣੇਗਾ ਜਿਸ ਤੇ ਕਰੀਬ 20 ਕਰੋੜ ਦੀ ਲਾਗਤ ਆਏਗੀ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਵਿਕਾਸ ਕਰਨਾ ਹੈ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਹਰ ਸਹੂਲਤ ਮੁਹੱਈਆ ਹੋ ਸਕੇ। ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਇਲਾਕੇ ਨੂੰ ਹੋਰ ਵਿਕਾਸ ਦੀ ਰਾਹ ਤੇ ਤੋਰਨ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੀ ਲੀਡਰਸ਼ਿਪ, ਕੌਂਸਲਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ।
No comments:
Post a Comment