ਪੁਲਿਸ ਨਾਕਿਆਂ ਤੇ ਸੈਂਪਲਿੰਗ ਵਿਚ ਕੀਤਾ ਜਾਵੇ ਵਾਧਾ, ਐਤਵਾਰ ਨੂੰ ਜਮੈਟੋ ਅਤੇ ਸਵੀਗੀ ਕਰਮੀਆਂ ਦੇ ਲਏ ਜਾਣ ਸੈਂਪਲ, ਅਗਲੇ ਹਫ਼ਤੇ ਐਮਾਜ਼ੋਨ, ਈ-ਮਾਰਕਟਿੰਗ ਤੇ ਫਲਿੱਪਕਾਰਟ ਦੇ ਕਰਮਚਾਰੀਆਂ ਦੀ ਹੋਵੇਗੀ ਸੈਂਪਲਿੰਗ
ਬਠਿੰਡਾ: ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਵੱਲੋਂ ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਜ਼ਿਲੇ ਦੇ ਉੱਚ ਅਧਿਕਾਰੀਆਂ ਨਾਲ ਰੀਵਿਓੂ ਮੀਟਿੰਗ ਕੀਤੀ। ਰੋਜ਼ਾਨਾ ਕੀਤੀ ਜਾਣ ਵਾਲੀ ਇਸ ਰਿਵਿਊ ਮੀਟਿੰਗ ਦੌਰਾਨ ਉਨਾਂ ਕੋਵਿਡ ਨਾਲ ਸਬੰਧਤ ਵੱਖ-ਵੱਖ ਸੈੱਲਾਂ ਦੇ ਇੰਚਾਰਜਾਂ ਕੋਲੋਂ ਕਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਰੋਜ਼ਾਨਾ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਲੋੜੀਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਹਸਪਤਾਲਾਂ ਵਿੱਚ ਕੋਵਿਡ ਸਬੰਧੀ ਦਾਖਲ ਹੋਣ ਵਾਲੇ ਮਰੀਜ਼ਾਂ ਨੂੰ ਕਿਸੇ ਤਰਾਂ ਦੀ ਕੋਈ ਵੀ ਦਿੱਕਤ ਨਾ ਆਉਣ ਦਿੱਤੀ ਜਾਵੇ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਰੋਜ਼ਾਨਾ ਕੀਤੀ ਜਾ ਰਹੀ ਵੈਕਸੀਨੇਸ਼ਨ, ਸੈਂਪਲਿੰਗ, ਆਕਸੀਜਨ ਗੈਸ ਅਤੇ ਲੈਵਲ 2 ਅਤੇ 3 ਦੇ ਬੈੱਡਾਂ ਦੀ ਸਥਿਤੀ ਬਾਰੇ ਸਬੰਧਤ ਅਧਿਕਾਰੀਆਂ ਕੋਲੋਂ ਜਾਣਕਾਰੀ ਹਾਸਲ ਕੀਤੀ ਗਈ। ਇਸ ਮੌਕੇ ਉਨਾਂ ਦੱਸਿਆ ਕਿ ਜ਼ਿਲੇ ਅੰਦਰ ਇਸ ਸਮੇਂ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਜ਼ਿਲੇ ਦੇ ਹਸਪਤਾਲਾਂ ਵਿੱਚ ਲੈਵਲ 2 ਤੇ 3 ਬੈੱਡਾਂ ਤੋਂ ਇਲਾਵਾ ਆਕਸੀਜਨ ਸਿਲੰਡਰਾਂ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਪ੍ਰਾਈਵੇਟ ਹਸਪਤਾਲਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਪ੍ਰਸ਼ਾਸਨ ਦੀ ਪ੍ਰਵਾਨਗੀ ਅਨੁਸਾਰ ਹੀ ਆਕਸੀਜ਼ਨ ਸਿਲੰਡਰਾਂ ਦੀ ਵਰਤੋਂ ਕਰਨ ਤੇ ਵਾਧੂ ਆਕਸੀਜਨ ਗੈਸ ਸਿੰਲਡਰ ਵਰਤਣ ਤੇ ਸਟੋਰ ਕਰਨ ਤੋਂ ਗੁਰੇਜ਼ ਕਰਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੇਂਡੂ ਕਰੋਨਾ ਸੈੱਲ ਦੇ ਇੰਚਾਰਜ ਨੂੰ ਖ਼ਾਸ ਹਦਾਇਤ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਬਗੈਰ ਜ਼ਰੂਰੀ ਕੰਮ-ਕਾਜ ਤੋਂ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਰੋਕਣ ਲਈ ਠੀਕਰੀ ਪਹਿਰੇ ਲਗਵਾਉਣੇ ਯਕੀਨੀ ਬਣਾਏ ਜਾਣ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨ੍ਹਾਂ ਕਿਸੇ ਕੰਮਕਾਰ ਤੋਂ ਬਗੈਰ ਘਰੋਂ ਬਾਹਰ ਨਾ ਨਿਕਲਿਆ ਜਾਵੇ ਸਗੋਂ ਘਰ ਵਿਚ ਹੀ ਰਹਿਣ ਨੂੰ ਤਰਜ਼ੀਹ ਦਿੱਤੀ ਜਾਵੇ ਤਾਂ ਜੋ ਅਸੀਂ ਕਰੋਨਾ ਮਹਾਂਮਾਰੀ ਤੋਂ ਫ਼ੈਲਣ ਤੋਂ ਰੋਕਿਆ ਤੇ ਜ਼ਿਲ੍ਹਾ ਵਾਸੀਆ ਨੂੰ ਸੁਰੱਖਿਅਤ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੁਲਿਸ ਨਾਕਿਆਂ ਤੇ ਸੈਂਪਲਿੰਗ ਵਿਚ ਹੋ ਵਾਧਾ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਕਰੋਨਾ ਇੰਚਾਰਜ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਕਰੋਨਾ ਵੈਕਸੀਨੇਸ਼ਨ ਲਈ ਐਤਵਾਰ ਨੂੰ ਸਵੀਗੀ ਅਤੇ ਜਮੈਟੋ ਕਰਮਚਾਰੀਆਂ ਦੀ ਵੈਕਸੀਨੇਸ਼ਨ ਕਰਨੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਅਗਲੇ ਹਫ਼ਤੇ ਦੌਰਾਨ ਅਗਲੇ ਹਫ਼ਤੇ ਐਮਾਜ਼ੋਨ, ਈ-ਮਾਰਕਟਿੰਗ ਤੇ ਫਲਿੱਪਕਾਰਟ ਦੇ ਕਰਮਚਾਰੀਆਂ ਦੀ ਵੈਕਸੀਨੇਸ਼ਨ ਕਰਵਾਉਣੀ ਲਾਜ਼ਮੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਖਾਸ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨਾਂ ਨੂੰ ਖੰਘ, ਬੁਖ਼ਾਰ, ਖਾਂਸੀ, ਸਾਹ ਜਾਂ ਗਲੇ ਆਦਿ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਸਰਕਾਰੀ ਸਿਹਤ ਕੇਂਦਰਾਂ ਵਿੱਚ ਜਾ ਕੇ ਆਪਣੀ ਸੈਂਪਿਗ ਕਰਵਾਉਣੀ ਯਕੀਨੀ ਬਣਾਉਣ। ਉਨਾਂ ਦੱਸਿਆ ਕਿ ਸੈਂਪਿਗ ਕਰਵਾਉਣ ਵਿੱਚ ਕੀਤੀ ਗਈ ਦੇਰੀ ਜ਼ਿਆਦਾ ਖਤਰਨਾਕ ਹੈ। ਇਸ ਲਈ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਕੋਰੋਨਾ ਸੈਂਪਿਗ ਕਰਵਾਉਣ ਵਿੱਚ ਭੋਰਾ ਵੀ ਢਿੱਲ-ਮੱਠ ਨਾ ਕੀਤੀ ਜਾਵੇ। ਉਨਾਂ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਬਿਨਾਂ ਕਿਸੇ ਜ਼ਰੂਰੀ ਅਤੇ ਖ਼ਾਸ ਕੰਮ ਤੋਂ ਘਰੋਂ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਡਾ. ਯਾਦਵਿੰਦਰ ਸਿੰਘ, ਡਾ. ਪਾਮਿਲ, ਡੀ.ਐਸ.ਪੀ. ਸ਼੍ਰੀ ਜਸਪਾਲ ਸਿੰਘ, ਕੋਵਿਡ ਸੈਲ ਦੇ ਜ਼ਿਲਾ ਇੰਚਾਰਜ ਸ੍ਰੀ ਮਨਪ੍ਰੀਤ ਸਿੰਘ ਅਰਸ਼ੀ, ਪੇਂਡੂ ਖੇਤਰ ਵਿੱਚ ਲੱਗਣ ਵਾਲੇ ਕਰੋਨਾ ਕੈਂਪਾਂ ਦੇ ਇੰਚਾਰਜ ਸ਼੍ਰੀ ਅਭਿਨਵ ਤੋਂ ਇਲਾਵਾ ਹੋਰ ਵੱਖ-ਵੱਖ ਕਰੋਨਾ ਸੈਲਾਂ ਦੇ ਇੰਚਾਰਜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।