-ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕੀਤੀ ਜੰਮ ਕੇ ਨਾਅਰੇਬਾਜ਼ੀ, ਕਾਂਗਰਸ ਦਾ ਕੇਂਦਰ ਸਰਕਾਰ ਖਿਲਾਫ਼ ਸਘੰਰਸ਼ ਜਾਰੀ ਰਹੇਗਾ- ਅਰੁਣ ਵਧਾਵਨ, ਜੈਜੀਤ ਜੌਹਲ
ਬਠਿੰਡਾ. ਕੇਂਦਰ ਸਰਕਾਰ ਵੱਲੋਂ ਲਗਾਤਾਰ ਤੇਲ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਖ਼ਿਲਾਫ਼ ਜ਼ਿਲ੍ਹਾ ਕਾਂਗਰਸ ਸ਼ਹਿਰੀ ਵੱਲੋਂ ਸ਼ਹਿਰ ਵਿੱਚ ਅੱਜ ਰੋਸ ਸਾਇਕਲ ਰੈਲੀ ਕੱਢੀ। ਇਸ ਮੌਕੇ ਇਕੱਤਰ ਹੋਏ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਹ ਰੋਸ ਸਾਇਕਲ ਰੈਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਗੋਨਿਆਣਾ ਰੋਡ ਤੇ ਸਥਿਤ ਦਫ਼ਤਰ ਤੋਂ ਸ਼ੁਰੂ ਹੋ ਕੇ ਅਮਰੀਕ ਰੋਡ ਤੋਂ ਹਾਸਪਿਟਲ ਬਾਜ਼ਾਰ, ਸਿਰਕੀ ਬਾਜ਼ਾਰ, ਮੀਡੂ ਮਲ ਸਟ੍ਰੀਟ, ਧੋਬੀ ਬਾਜ਼ਾਰ ਆਦਿ ਬਾਜ਼ਾਰਾ ਰਾਹੀਂ ਗੁਜ਼ਰਦੀ ਹੋਈ ਵਾਪਸ ਵਿੱਤ ਮੰਤਰੀ ਦੇ ਦਫ਼ਤਰ ਆ ਕੇ ਸਮਾਪਤ ਹੋਈ।
ਰੋਸ ਸਾਇਕਲ ਰੈਲੀ ਵਿਚ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਆਗੂਆਂ ਤੋਂ ਇਲਾਵਾ ਯੂਥ ਕਾਂਗਰਸ, ਕਾਂਗਰਸ ਸੇਵਾਦਲ, ਮਹਿਲਾ ਕਾਂਗਰਸ,ਐਸਸੀ ਬੀਸੀ ਸੈੱਲ ਅਤੇ ਵਪਾਰ ਮੰਡਲ ਦੇ ਆਗੂਆਂ ਨੇ ਹਿੱਸਾ ਲਿਆ। ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ, ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਚੇਅਰਮੈਨ ਇੰਪਰੂਵਮੈਂਟ ਟਰੱਸਟ ਕੇ ਕੇ ਅਗਰਵਾਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਨੇ ਕਿਹਾ ਕੇਂਦਰ ਸਰਕਾਰ ਆਏ ਦਿਨ ਲਗਾਤਾਰ ਤੇਲ ਕੀਮਤਾਂ ਵਿੱਚ ਵਾਧਾ ਕਰਕੇ ਲੋਕਾਂ ਤੇ ਆਰਥਿਕ ਬੋਝ ਪਾ ਰਹੀ ਹੈ।
ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ਵਿੱਚ ਵਾਧੇ ਕਾਰਨ ਮਹਿੰਗਾਈ ਅਸਮਾਨ ਨੂੰ ਛੂਹਣ ਲੱਗੀ ਹੈ, ਜਿਸ ਕਾਰਨ ਆਮ ਵਰਤੋਂ ਦੀਆਂ ਚੀਜ਼ਾਂ ਵੀ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ। ਜੈਜੀਤ ਜੌਹਲ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਕੇਂਦਰ ਦੀ ਮੋਦੀ ਸਰਕਾਰ ਤੇਲ ਕੀਮਤਾਂ ਨੂੰ ਹਰ ਰੋਜ਼ ਵਧਾ ਰਹੀ ਹੈ ਜਿਸ ਕਾਰਨ ਹਰ ਵਰਗ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ। ਜੈਜੀਤ ਸਿੰਘ ਜੌਹਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਤੇਲ ਕੀਮਤਾਂ ਵਿੱਚ ਕਮੀ ਕਰਨ ਖ਼ਾਤਰ ਮਜਬੂਰ ਕਰਨ ਲਈ ਅਗਲੇ ਦਿਨਾਂ ਵਿੱਚ ਸ਼ਹਿਰ ਅੰਦਰ ਕਾਂਗਰਸ ਦਾ ਇਹ ਸੰਘਰਸ਼ ਜਾਰੀ ਰਹੇਗਾ। ਉਹਨਾਂ ਕਿਹਾ ਕਿ ਸਿਰਫ਼ ਕਾਂਗਰਸ ਪਾਰਟੀ ਤੇਲ ਕੀਮਤਾਂ ਚ ਵਾਧੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੀ ਹੈ, ਇਸ ਦੇ ਉਲਟ ਅਕਾਲੀ ਦਲ ਅਤੇ ਆਪ ਬਿਲਕੁਲ ਚੁੱਪ ਚਾਪ ਇਸ ਮਹਿੰਗਾਈ ਨੂੰ ਵਧਦਾ ਦੇਖ ਅੱਖਾਂ ਮੀਚ ਕੇ ਬੈਠੇ ਨੇ। ਉਹਨਾਂ ਇਹ ਕਿਹਾ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਚੁੱਪ ਦਾ ਕਾਰਨ ਇਹਨਾਂ ਦੋਵੇਂ ਪਾਰਟੀਆਂ ਦੀ ਭਾਰਤੀ ਜਨਤਾ ਪਾਰਟੀ ਨਾਲ ਮਿਲੀਭੁਗਤ ਲਗਦੀ ਹੈ।
ਰੋਸ਼ ਰੈਲੀ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਨਗਰ ਨਿਗਮ ਦੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਸੀਨੀਅਰ ਕਾਂਗਰਸ ਆਗੂ ਰਾਜਨ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਹਰ ਤਬਕਾ ਤ੍ਰਾਹ ਤ੍ਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਕੇਂਦਰ ਦੀ ਮੋਦੀ ਸਰਕਾਰ ਹੈ, ਜਿਸ ਨੇ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਹੋਣ ਦੇ ਬਾਵਜੂਦ ਪੈਟਰੋਲ ਸੌ ਰੁਪਏ ਪ੍ਰਤੀ ਲਿਟਰ ਤੋਂ ਉੱਪਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤੇਲ ਦੀਆਂ ਕੀਮਤਾਂ ਘੱਟ ਕਰਨ ਲਈ ਮਜਬੂਰ ਕਰਨ ਖਾਤਰ ਹਰ ਵਰਗ ਨੂੰ ਸੜਕਾਂ ਤੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਕਾਂਗਰਸ ਦੀ ਨਹੀਂ ਹੈ ਸਗੋਂ ਤੇਲ ਕੀਮਤਾਂ ਕਾਰਨ ਹਰ ਵਰਗ ਦਾ ਲੱਕ ਤੋੜ ਦਿੱਤਾ ਹੈ। ਸੀਨੀਅਰ ਕਾਂਗਰਸ ਆਗੂ ਪਵਨ ਮਾਨੀ ਅਤੇ ਬਲਜਿੰਦਰ ਠੇਕੇਦਾਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਮਹਿੰਗਾਈ ਨੂੰ ਘੱਟ ਕਰਨ ਦੇ ਵਾਅਦੇ ਕਰਨ ਵਾਲੀ ਭਾਜਪਾ ਦੀ ਮੋਦੀ ਸਰਕਾਰ ਨੇ ਉਲਟਾ ਏਨੀ ਮਹਿੰਗਾਈ ਕਰ ਦਿੱਤੀ ਹੈ ਕਿ ਗ਼ਰੀਬ ਵਿਅਕਤੀ ਦੇ ਘਰ ਦੋ ਡੰਗ ਦੀ ਰੋਟੀ ਪੱਕਣੀ ਵੀ ਮੁਸ਼ਕਲ ਹੋ ਗਈ ਹੈ।
ਇਸ ਰੋਸ ਸਾਇਕਲ ਰੈਲੀ ਚ ਹੋਰਨਾਂ ਤੋਂ ਇਲਾਵਾ ਮੇਅਰ ਰਮਨ ਗੋਇਲ, ਹਰਵਿੰਦਰ ਸਿੰਘ ਲੱਡੂ, ਸੰਦੀਪ ਗੋਇਲ,ਰੀਨਾ ਗੁਪਤਾ, ਬਲਜੀਤ ਸਿੰਘ ਪ੍ਰਧਾਨ ਯੂਥ ਕਾਂਗਰਸ,ਟਹਿਲ ਸਿੰਘ ਬੁੱਟਰ, ਕੰਵਲਜੀਤ ਸਿੰਘ, ਰਾਮ ਵਿਰਕ, ਸੁਖਰਾਜ ਔਲਖ, ਹਰਪਾਲ ਬਾਜਵਾ, ਇੰਦਰਜੀਤ ਸਿੰਘ,ਰਤਨ ਰਾਹੀ, ਸ਼ੌਨਕ ਜੋਸ਼ੀ,ਮਨੋਜ ਜਿੰਦਲ, ਉਮੇਸ਼ ਗੋਗੀ,ਬਿਕਰਮ ਕ੍ਰਾਂਤੀ, ਭਗਵਾਨ ਦਾਸ ਭਾਰਤੀ ਅਤੇ ਸਮੂਹ ਕਾਂਗਰਸੀ ਵਰਕਰ ਮੌਜੂਦ ਸਨ ।
No comments:
Post a Comment