-ਬਰਨਾਲਾ ਬਾਈਪਾਸ ਤੇ ਪਿੱਲਰਾਂ ਵਾਲਾ ਬਣੇਗਾ ਪੁਲ, ਲੋਕਾਂ ਵੱਲੋਂ ਕੀਤੇ ਅਹਿਸਾਨ ਦਾ ਸਦਾ ਰਹਾਂਗਾ ਰਿਣੀ, ਸ਼ਹਿਰ ਵਾਸੀਆਂ ਲਈ ਜਾਨ੍ਹ ਵੀ ਕਰ ਸਕਦਾਂ ਕੁਰਬਾਨ
ਬਠਿੰਡਾ 10 ਫਰਵਰੀ :-ਅੱਜ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਹੱਕ ਵਿੱਚ ਨੌਜਵਾਨਾਂ ਦੀ ਵੱਡੀ ਲਹਿਰ ਖੜ੍ਹੀ ਹੁੰਦੀ ਦਿਖਾਈ ਦਿੱਤੀ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ “ਖ਼ੂਨ” ਨਾਲ ਤੋਲਿਆ ਗਿਆ ।
ਇਸ ਮੌਕੇ ਲਾਏ ਬਲੱਡ ਕੈਂਪ ਮੌਕੇ ਸੈਂਕੜੇ ਨੌਜਵਾਨਾਂ ਨੇ ਖੂਨ ਦਾਨ ਕਰਦੇ ਹੋਏ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਸਿੰਗਲਾ ਦੀ ਜਿੱਤ ਲਈ ਡਟ ਕੇ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ । ਇਹ ਉਪਰਾਲਾ ਬਰਨਾਲਾ ਬਾਈਪਾਸ ਦੇ ਇਲਾਕੇ ਦੇ ਲੋਕਾਂ, ਨੌਜਵਾਨਾਂ, ਦੁਕਾਨਦਾਰਾਂ ,ਵਪਾਰੀਆਂ ਅਤੇ ਆਮ ਸ਼ਹਿਰੀਆਂ ਵੱਲੋਂ ਕੀਤਾ ਗਿਆ ,ਕਿਉਂਕਿ ਬਰਨਾਲਾ ਬਾਈਪਾਸ ਤੇ ਪਿੱਲਰਾਂ ਵਾਲੇ ਪੁਲ ਦਾ ਨਿਰਮਾਣ ਹੋਣਾ ਸੀ ਪ੍ਰੰਤੂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਨਿੱਜੀ ਧੱਕੇਸ਼ਾਹੀ ਤਹਿਤ ਮਿੱਟੀ ਵਾਲਾ ਪੁਲ ਬਣਾਉਣ ਦੀ ਕਾਰਵਾਈ ਆਰੰਭ ਦਿੱਤੀ ਸੀ ਜਿਸ ਖ਼ਿਲਾਫ਼ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤਿੱਖਾ ਸ਼ੰਘਰਸ਼ ਵਿੱਢਿਆ ਤੇ ਲੰਬੀ ਲੜਾਈ ਲੜਨ ਉਪਰੰਤ ਕੇਂਦਰ ਸਰਕਾਰ ਵੱਲੋਂ ਖਜ਼ਾਨਾ ਮੰਤਰੀ ਦੀ ਪ੍ਰਪੋਜ਼ਲ ਨੂੰ ਮੁੱਢੋਂ ਰੱਦ ਕਰਦਿਆਂ ਪਿੱਲਰਾਂ ਵਾਲੇ ਪੁਲ ਦੇ ਨਿਰਮਾਣ ਨੂੰ ਮਨਜ਼ੂਰੀ ਦੇਣ ਦੀ ਗੱਲ ਕਹੀ ਜਿਸ ਕਰਕੇ ਸ੍ਰੀ ਸਿੰਗਲਾ ਦੇ ਇਸ ਉਪਰਾਲੇ ਤੋਂ ਖੁਸ਼ ਹੋਏ ਇਲਾਕਾ ਨਿਵਾਸੀਆਂ ਵੱਲੋਂ ਸਿੰਗਲਾ ਦੀ ਡਟ ਕੇ ਮੱਦਦ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਦੇ ਸਪੁੱਤਰ ਦੀਨਵ ਸਿੰਗਲਾ ਵੱਲੋਂ ਵੀ ਖੂਨਦਾਨ ਕੀਤਾ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰੂਪ ਚੰਦ ਸਿੰਗਲਾ ਨੇ ਖੂਨ ਦਾਨ ਕਰਨ ਵਾਲੇ ਖੂਨਦਾਨੀਆਂ ਸਮੇਤ ਇਲਾਕਾ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਲਾਕਾ ਨਿਵਾਸੀਆਂ ਵੱਲੋਂ ਕੀਤੇ ਇਸ ਅਹਿਸਾਨ ਲਈ ਉਹ ਸਦਾ ਰਿਣੀ ਰਹਿਣਗੇ ਅਤੇ ਸ਼ਹਿਰ ਵਾਸੀਆਂ ਲਈ ਉਹ ਜਾਨ ਵੀ ਕੁਰਬਾਨ ਕਰ ਸਕਦੇ ਹਨ। ਸਿੰਗਲਾ ਨੇ ਕਿਹਾ ਕਿ ਬਠਿੰਡਾ ਸ਼ਹਿਰ ਉਨ੍ਹਾਂ ਦਾ ਪਰਿਵਾਰ ਹੈ ਜਿਸ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਲੜਾਈ ਲੜਨਾ ਉਨ੍ਹਾਂ ਦਾ ਮਕਸਦ ਹੈ,ਜਿਸ ਲਈ ਉਹ ਕਦੇ ਵੀ ਪਿੱਛੇ ਨਹੀਂ ਹਟਣਗੇ ਅਤੇ ਇਸੇ ਸੇਵਾ ਕਰਕੇ ਹੀ ਸ਼ਹਿਰ ਵਾਸੀਆਂ ਦੀ ਲਹਿਰ ਨਾਲ ਜੁੜ ਰਹੀ ਹੈ।ਸਿੰਗਲਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਲੜਾਈ ਤਿੰਨ ਕਾਂਗਰਸੀਆਂ ਨਾਲ ਹੈ ਜੋ ਪਹਿਲਾਂ ਵੀ ਇਕੱਠੇ ਸੀ ਤੇ ਹੁਣ ਵੀ ਅਕਾਲੀ ਦਲ ਨੂੰ ਹਰਾਉਣ ਲਈ ਇਕੱਠੇ ਹਨ ਪਰ ਲੋਕ ਇਨ੍ਹਾਂ ਦੀਆਂ ਸਾਜ਼ਿਸ਼ਾਂ ਤੋਂ ਭਲੀ ਭਾਂਤ ਜਾਣੂ ਹਨ ਤੇ ਅਕਾਲੀ ਬਸਪਾ ਗੱਠਜੋੜ ਦੇ ਹੱਕ ਵਿਚ ਵੋਟ ਪਾਉਣਗੇ। ਸਿੰਗਲਾ ਨੇ ਕਿਹਾ ਕਿ ਜਿੱਤਣ ਉਪਰੰਤ ਬਠਿੰਡਾ ਸ਼ਹਿਰ ਨੂੰ ਵਿਕਾਸ ਦੀ ਰਾਹ ਤੇ ਹੋਰ ਮਜ਼ਬੂਤ ਬਣਾਉਣ ਦੇ ਉਪਰਾਲੇ ਕੀਤੇ ਜਾਣਗੇ ਤੇ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ,ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹਾਜ਼ਰ ਸੀ।
No comments:
Post a Comment