ਪਿੰਡ ਗਿੱਲ ਪੱਤੀ ਵਿਖੇ ਮਾਡਰਨ ਜਿੰਮ ਦਾ ਕੀਤਾ ਉਦਘਾਟਨ
ਬਠਿੰਡਾ: ਨੌਜਵਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਤੇ ਭਵਿੱਖ ਹਨ। ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਨੌਜਵਾਨਾਂ ਦਾ ਭਵਿੱਖ ਬਣਾਉਣ ਲਈ ਹਮੇਸ਼ਾ ਹੀ ਤਤਪਰ ਰਹਿੰਦੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾਂ ਪੰਜਾਬ ਦੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜ਼ਿਲੇ ਦੇ ਪਿੰਡ ਗਿੱਲ ਪੱਤੀ ਵਿਖੇ 15 ਲੱਖ ਦੀ ਲਾਗਤ ਨਾਲ ਤਿਆਰ ਹੋਏ ਮਾਡਰਨ ਜਿੰਮ ਦਾ ਉਦਘਾਟਨ ਕਰਨ ਉਪਰੰਤ ਕੀਤਾ। ਇਸ ਮੌਕੇ ਵਿਧਾਨ ਸਭਾ ਹਲਕਾ ਭੁੱਚੋ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਉਨਾਂ ਨਾਲ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਇਸ ਮੌਕੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ। ਖੇਡਾਂ ਜਿੱਥੇ ਸਾਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ ਉੱਥੇ ਹੀ ਪੜਾਈ ਦੇ ਖੇਤਰ ਵਿਚ ਵੀ ਜਿੰਦਗੀ ਦੀ ਹਰ ਮੰਜ਼ਿਲ ਪੂਰੀ ਕਰਨ ਲਈ ਸਹਾਈ ਹੁੰਦੀਆਂ ਹਨ। ਉਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਮ ਲੋਕਾਂ ਲਈ ਬਣਾਏ ਗਏ ਇਸ ਜਿੰਮ ਦਾ ਵੱਧ ਤੋਂ ਵੱਧ ਲਾਹਾ ਉਠਾਉਣ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵਲੋਂ ਜ਼ਿਲ ਦੇ ਪਿੰਡ ਸ਼ੇਰਗੜ ਵਿਖੇ ਕਿਸਾਨਾਂ ਦੀ ਸਹੂਲਤ ਲਈ ਨਹਿਰੀ ਪਾਣੀ ਦੀ ਆ ਰਹੀ ਸਮੱਸਿਆ ਦਾ ਹੱਲ ਕਰਨ ਹਿੱਤ ਕਰੀਬ 1.5 ਕਰੋੜ ਰੁਪਏ ਦੀ ਲਾਗਤ ਨਾਲ ਪਾਈਆਂ ਗਈਆਂ ਜ਼ਮੀਨਦੋਜ਼ ਪਾਇਪਾਂ ਦਾ ਉਦਘਾਟਨ ਕੀਤਾ। ਕਰੀਬ 9585 ਮੀਟਰ ਪਾਈਆਂ ਗਈਆਂ ਇਨਾਂ ਜ਼ਮੀਨਦੋਜ਼ ਪਾਇਪਾਂ ਨਾਲ ਜਿੱਥੇ ਕਰੀਬ 257 ਹੈਕਟੇਅਰ ਰਕਬੇ ਨੂੰ ਨਹਿਰੀ ਪਾਣੀ ਸਹੂਲਤ ਮਿਲੇਗੀ ਉੱਥੇ ਇਸ ਨਾਲ ਕਰੀਬ 111 ਕਿਸਾਨ ਪਰਿਵਾਰਾਂ ਨੂੰ ਲਾਹਾ ਹੋਵੇਗਾ।
ਇਸ ਉਪਰੰਤ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਵਲੋਂ ਜ਼ਿਲੇ ਦੇ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋਂ ਕਲਾਂ ਨੂੰ ਸਮਾਰਟ ਸਕੂਲ ਵਿਚ ਤਬਦੀਲ ਕਰਨ ਸਬੰਧੀ ਉਦਘਾਟਨ ਕੀਤਾ ਗਿਆ। ਇਸ ਸਕੂਲ ਵਿਚ ਸਰਕਾਰ ਵਲੋਂ 15 ਲੱਖ ਰੁਪਏ ਦੀ ਲਾਗਤ ਨਾਲ 5 ਕਮਰਿਆਂ ਵਿਚ ਪ੍ਰੋਜੈਕਟਰ, ਸਾਇੰਸ ਲੈਬ ਅਤੇ ਸਕੂਲ ਦੀ ਇਮਾਰਤ ਨੂੰ ਰੰਗ-ਰੋਗਨ ’ਤੇ ਖ਼ਰਚ ਕੀਤੇ ਗਏ ਹਨ। ਇਸ ਮੌਕੇ ਕੈਬਨਿਟ ਮੰਤਰੀ ਵਲੋਂ ਸਕੂਲ ਦੀ 10ਵੀਂ-ਏ ਤੇ 10ਵੀਂ-ਬੀ ਜਮਾਤ ਲਈ ਬਣਾਏ ਗਏ ਸਮਾਰਟ ਰੂਮਾਂ ’ਚ ਜਾ ਕੇ ਪ੍ਰੋਜੈਕਟਰਾਂ ’ਤੇ ਦਿਖਾਏ ਜਾ ਰਹੇ ਵੱਖ-ਵੱਖ ਵਿਸ਼ਿਆਂ ਸਬੰਧੀ ਜਮਾਤ ਸਿਲੇਬਸ ਨੂੰ ਗੌਹ ਨਾਲ ਵਾਚਿਆ ਤੇ ਇਸ ਦੌਰਾਨ ਉਨਾਂ ਵਲੋਂ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।
ਇਸ ਮੌਕੇ ਕਾਂਗਰਸੀ ਆਗੂ ਸ਼੍ਰੀ ਖੁਸ਼ਬਾਜ ਜਟਾਣਾ, ਐਸ.ਡੀ.ਐਮ. ਸ਼੍ਰੀ ਵਰਿੰਦਰ ਸਿੰਘ, ਆਰ.ਟੀ.ਏ. ਮੈਡਮ ਹਰਜੋਤ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ।
No comments:
Post a Comment