ਵਿਸ਼ਵ ਕੈਂਸਰ ਜਾਗਰੂਕਤਾ ਮੌਕੇ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਬਠਿੰਡਾ, 27 ਫਰਵਰੀ : ਸਿਹਤ ਵਿਭਾਗ ਤੇ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਦੀਪ ਸਿੰਘ ਵੱਲੋਂ ਵਿਸ਼ਵ ਕੈਂਸਰ ਜਾਗਰੂਕਤਾ ਮੌਕੇ ਸਾਈਕਲ ਰੈਲੀ ਨੂੰ ਫਾਇਰ ਸਰਵਿਸ ਸਟੇਸ਼ਨ ਚੌਂਕ ਤੋਂ ਹਰੀ ਝੰਡੀ ਦੇਕੇ ਰਵਾਨਾ ਕੀਤਾ।
ਇਸ ਮੌਕੇ ਸਹਾਇਕ ਸਿਵਲ ਸਰਜਨ ਬਠਿੰਡਾ ਡਾ. ਅਨੁਪਮ ਸ਼ਰਮਾ ਨੇ ਦੱਸਿਆ ਕਿ ਵਿਸ਼ਵ ਕੈਂਸਰ ਜਾਗਰੂਕਤਾ ਮੌਕੇ ਬਠਿੰਡਾ ਸਾਈਕਲ ਗਰੁੱਪ ਦੇ ਸਹਿਯੋਗ ਨਾਲ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਬੀ.ਸੀ.ਜੀ. ਦੇ ਮੈਂਬਰਾਂ ਵੱਲੋਂ ਲਗਭਗ 50 ਕਿਲੋਮੀਟਰ ਦਾ ਸਫਰ ਤੈਅ ਕਰਕੇ ਕੈਂਸਰ ਤੋਂ ਬਚਣ ਦੇ ਲਈ ਤੰਦਰੁਸਤ ਜੀਵਨਸ਼ੈਲੀ ਦਾ ਸੁਨੇਹਾ ਦਿੱਤਾ।
ਇਸ ਮੌਕੇ ਐਨ.ਸੀ.ਡੀ. ਕੈਂਸਰ ਵਿੰਗ ਦੇ ਡਾ. ਵੰਦਨਾ ਮਿੱਢਾ ਨੇ ਕਿਹਾ ਕਿ ਸਰੀਰ ਵਿੱਚ ਸੈਲਾਂ ਦੇ ਅਣਕੰਟਰੋਲਡ ਵਾਧੇ ਨਾਲ ਕੈਂਸਰ ਦਾ ਜਨਮ ਹੁੰਦਾ ਹੈ, ਪਰ ਸਮੇਂ ਸਿਰ ਸਰੀਰਿਕ ਜਾਂਚ ਕਰਵਾਉਣ ਨਾਲ ਕਈ ਤਰਾਂ ਦੇ ਕੈਂਸਰਾਂ ਨੂੰ ਮੁੱਢ ਵਿੱਚ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਉਨਾਂ ਵੱਲੋਂ ਕੈਂਸਰ ਦੇ ਚਿੰਨ ਤੇ ਲੱਛਣਾਂ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਡਾ. ਗੁਰਦੀਪ ਸਿੰਘ ਨੇ ਕਿਹਾ ਕਿ ਔਰਤਾਂ ਵੱਲੋਂ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਨਾਲ ਉਨਾਂ ਨੂੰ ਛਾਤੀ ਦਾ ਕੈਂਸਰ ਹੋਣ ਦਾ ਖਤਰਾ ਕਾਫੀ ਹੱਦ ਤੱਕ ਘੱਟ ਜਾਂਦਾ ਹੈ। ਉਨਾਂ ਦੱਸਿਆ ਕਿ ਦੇਸ਼ ਵਿੱਚ ਬੱਚੇਦਾਨੀ ਦਾ ਕੈਂਸਰ, ਮੂੰਹ ਦਾ ਕੈਂਸਰ ਤੇ ਛਾਤੀ ਦੇ ਕੈਂਸਰ ਦੇ ਮਰੀਜ਼ ਜਿਆਦਾ ਪਾਏ ਜਾਂਦੇ ਹਨ। ਮੂੰਹ ਦੇ ਕੈਂਸਰ ਹੋਣ ਦਾ ਵੱਡਾ ਕਾਰਣ ਤੰਬਾਕੂ ਅਤੇ ਸਿਗਰਨੋਸ਼ੀ ਹੈ।
ਇਸ ਮੌਕੇ ਬੀ.ਸੀ.ਜੀ ਦੇ ਉਪ ਪ੍ਰਧਾਨ ਡਾ. ਜੀ.ਐਸ. ਨਾਗਪਾਲ ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਸਾਡਾ ਸਰੀਰ ਕਈ ਤਰਾਂ ਦੀਆਂ ਭਿਅਨਕ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਬਠਿੰਡਾ ਸਾਈਕਲ ਗਰੁੱਪ ਦੇ ਸੈਕਟਰੀ ਪ੍ਰੀਤ ਮਹਿੰਦਰ ਬਰਾੜ ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਜਿੱਥੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਉਥੇ ਹੀ ਕਈ ਬਿਮਾਰੀਆਂ ਨੂੰ ਜਨਮ ਦੇਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਵੀ ਸਹਿਯੋਗ ਮਿਲਦਾ ਹੈ। ਉਨਾਂ ਕਿਹਾ ਕਿ ਦੇਸ਼ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਾਈਕਲ ਤੇ ਦਫਤਰ ਜਾਣ ਦਾ ਰੁਝਾਨ ਵੱਧ ਰਿਹਾ ਹੈ।
ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ, ਜਿਲਾ ਬੀਸੀਸੀ ਕੋਆਰਡੀਨੇਟਰ ਨਰਿੰਦਰ ਕੁਮਾਰ, ਕੇਵਲ ਕਿ੍ਰਸ਼ਨ ਸ਼ਰਮਾ, ਲਖਵਿੰਦਰ ਸਿੰਘ ਬੀਈਈ, ਐਨ.ਸੀ.ਡੀ. ਵਿੰਗ ਤੋਂ ਸਚਿਨ ਕੁਮਾਰ, ਸੁਖਵਿੰਦਰ ਸਿੰਘ ਅਤੇ ਗੋਪਾਲ ਰਾਏ ਆਦਿ ਹਾਜਿਰ ਸਨ ।
No comments:
Post a Comment