ਬਠਿੰਡਾ, 9 ਫ਼ਰਵਰੀ : ਜ਼ਿਲੇ ਅਧੀਨ ਪੈਂਦੇ ਪਿੰਡ ਮਾਣਕ ਖ਼ਾਨਾ ਦੀ ਸਮੁੱਚੀ ਪੰਚਾਇਤ ਵਲੋਂ ਪਿੰਡ ਦੀ ਸਾਫ਼-ਸਫ਼ਾਈ ਲਈ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਪਿੰਡ ਦੇ ਹਰ ਘਰ ਤੋਂ ਗਿੱਲਾ ਅਤੇ ਸੁੱਕਾ ਕੂੜਾ ਇਕੱਤਰ ਕਰਨ ਲਈ ਪਿੰਡ ਵਾਸੀਆਂ ਨੂੰ ਵੱਖਰੇ-ਵੱਖਰੇ ਕੂੜਾਦਾਨ ਮੁਹੱਈਆ ਕਰਵਾਏ ਗਏ ਹਨ। ਇਸ ਕੰਮ ਵਿਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਨਾਲ-ਨਾਲ ਰਾਊਂਡ ਗਲਾਸ ਫਾਊਂਡੇਸ਼ਨ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਪਿੰਡ ਦੀ ਅਗਾਂਹਵਧੂ ਸੋਚ ਰੱਖਣ ਵਾਲੀ ਨੌਜਵਾਨ ਮਹਿਲਾ ਸਰਪੰਚ ਸੈਸ਼ਨਦੀਪ ਕੌਰ ਨੇ ਦਿੱਤੀ। ਸੂਬੇ ਭਰ ’ਚ ਦੂਸਰੇ ਅਤੇ ਜ਼ਿਲੇ ’ਚ ਸਭ ਤੋਂ ਛੋਟੀ ਉਮਰ ਦੀ ਸਰਪੰਚ ਹੋਣ ਦਾ ਮਾਣ ਹਾਸਲ ਕਰਨ ਵਾਲੀ ਨੌਜਵਾਨ ਸਰਪੰਚ ਸੈਸ਼ਨਦੀਪ ਕੌਰ ਨੇ ਅੱਗੇ ਦੱਸਿਆ ਕਿ ਪਿੰਡ ਨੂੰ ਸਾਫ਼-ਸੁਥਰਾ ਰੱਖਣ ਲਈ ਜਿੱਥੇ ਗ੍ਰਾਮ ਪੰਚਾਇਤ ਵਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਪਿੰਡ ਵਾਸੀਆਂ ਵਲੋਂ ਵੀ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਪਿੰਡ ਦੀ ਆਬਾਦੀ 600 ਦੇ ਕਰੀਬ ਹੈ। ਪਿੰਡ ਦੇ ਹਰ ਘਰ ਨੂੰ ਸਾਫ਼-ਸਫ਼ਾਈ ਲਈ ਪੰਚਾਇਤ ਵਲੋਂ ਵਿਸ਼ੇਸ਼ ਤੌਰ ’ਤੇ ਪੇ੍ਰਰਿਤ ਕੀਤਾ ਜਾਂਦਾ ਹੈ।
ਨੌਜਵਾਨ ਮਹਿਲਾ ਸਰਪੰਚ ਨੇ ਹੋਰ ਦੱਸਿਆ ਕਿ ਪਿੰਡ ਦੇ ਹਰ ਘਰ ਸੁੱਕਾ ਅਤੇ ਗਿੱਲਾ ਕੂੜਾ ਪਾਉਣ ਲਈ 2-2 ਕੂੜਾਦਾਨ ਮੁਹੱਈਆ ਕਰਵਾਏ ਗਏ। ਸੁੱਕਾ ਕੂੜਾ ਪਾਉਣ ਲਈ ਨੀਲੇ ਰੰਗ ਤੇ ਗਿੱਲਾ ਕੂੜਾ ਪਾਉਣ ਲਈ ਹਰੇ ਰੰਗ ਦਾ ਕੂੜਾਦਾਨ ਮੁਹੱਈਆ ਕਰਵਾਏ ਗਏ ਹਨ ਅਤੇ ਘਰ-ਘਰ ਤੋਂ ਕੂੜਾ ਇਕੱਤਰ ਕਰਨ ਲਈ ਗ੍ਰਾਮ ਪੰਚਾਇਤ ਵਲੋਂ ਰੇਅੜੀ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ।
ਨੌਜਵਾਨ ਮਹਿਲਾ ਸਰਪੰਚ ਸੈਸ਼ਨਦੀਪ ਕੌਰ ਨੇ ਇਹ ਵੀ ਦੱਸਿਆ ਕਿ ਪਿੰਡ ਵਾਸੀਆਂ ਤੋਂ ਆਰਥਿਕਤਾ ਦੇ ਆਧਾਰ ’ਤੇ ਸਫ਼ਾਈ ਲਈ ਨਾ-ਮਾਤਰ ਪੈਸੇ ਲਏ ਜਾਂਦੇ ਹਨ। ਉਨਾਂ ਕਿਹਾ ਕਿ ਇਸ ਕੰਮ ਵਿਚ ਪਿੰਡ ਦੀਆਂ ਮਹਿਲਾਵਾਂ ਵਲੋਂ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ ਤੇ ਪਿੰਡ ਦੀ ਹਰ ਔਰਤ ਨੂੰ ਸਾਫ਼-ਸਫ਼ਾਈ ਲਈ ਪੇ੍ਰਰਿਤ ਕੀਤਾ ਜਾਂਦਾ ਹੈ।
No comments:
Post a Comment