ਬਠਿੰਡਾ। ਸਕੂਲਾਂ ਨੂੰ ਜਲਦੀ ਤੋ ਜਲਦੀ ਖੋਲ੍ਹਣ ਦੇ ਮਕਸਦ ਨਾਲ਼ ਅੱਜ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਸੱਦੇ ਉੱਪਰ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ, ਬੱਸ ਡਰਾਈਵਰਾਂ, ਕੰਡਕਟਰਾਂ, ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ਼ ਦੇ ਕਰਮਚਾਰੀਆਂ ਨੇ ਬਠਿੰਡਾ ਵਿਖੇ ਇੱਕ ਭਰਵੀਂ ਰੋਸ ਰੈਲੀ ਕੀਤੀ। ਫੈਡਰੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਫੈਡਰੇਸ਼ਨ ਨਾਲ਼ ਸਬੰਧਤ ਨਿੱਜੀ ਸਕੂਲਾਂ ਅਤੇ ਹੋਰ ਐਸੋਸੀਏਸ਼ਨਾਂ ਦੇ ਸਕੂਲਾਂ ਨੇ ਇਸ ਵਿੱਚ ਸ਼ਿਰਕਤ ਕੀਤੀ। ਇਹ ਰੋਸ ਰੈਲੀ ਪਾਵਰ ਹਾਊਸ ਰੋਡ ਤੋਂ ਸ਼ੁਰੂ ਹੋ ਕੇ ਸ਼ਹੀਦ ਨੰਦ ਸਿੰਘ ਚੌਂਕ, ਹਨੂੰਮਾਨ ਚੌਂਕ, ਬੱਸ ਅੱਡੇ ਕੋਲ਼ ਦੀ ਹੁੰਦੀ ਹੋਈ ਮਿੰਨੀ ਸਕੱਤਰੇਤ ਵਿੱਚ ਜਾ ਕੇ ਡਿਪਟੀ ਕਮਿਸ਼ਨਰ, ਬਠਿੰਡਾ ਨੂੰ ਮੰਗ ਪੱਤਰ ਦੇਣ ਉਪਰੰਤ ਸਮਾਪਤ ਹੋਈ।
ਪੂਰੀ ਤਰ੍ਹਾਂ ਸ਼ਾਂਤਮਈ ਸਮਾਪਤ ਹੋਈ ਇਸ ਰੋਸ ਰੈਲੀ ਵਿੱਚ ਸ਼ਾਮਲ ਵਿਦਿਆਰਥੀਆਂ ਦੇ ਮਾਪਿਆਂ, ਅਧਿਆਪਨ ਅਤੇ ਗੈਰ-ਅਧਿਆਪਨ ਅਮਲੇ ਨੇ ਪੂਰੇ ਅਨੁਸ਼ਾਸਨ ਅਤੇ ਜ਼ਬਤ ਵਿੱਚ ਰਹਿੰਦੇ ਹੋਏ ਸਕੂਲਾਂ ਨੂੰ ਜਲਦੀ ਤੋਂ ਜਲਦੀ ਖੋਲ੍ਹਣ ਲਈ "ਕਰੋਨਾ ਤਾਂ ਇੱਕ ਬਹਾਨਾ ਹੈ, ਅਸਲੀ ਹੋਰ ਨਿਸ਼ਾਨਾ ਹੈ" ਵਰਗੇ ਨਾਅਰਿਆਂ ਨਾਲ਼ ਪੰਜਾਬ ਸਰਕਾਰ ਨੂੰ ਜਗਾਉਣ ਦਾ ਯਤਨ ਕੀਤਾ।
ਇਸ ਮੌਕੇ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਤੀਨਿਧੀ ਸੁਖਚੈਨ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਜਦੋਂ ਸਾਰੇ ਕੰਮ ਕਾਰ ਨਿਰਵਿਘਨ ਚੱਲ ਰਹੇ ਹਨ ਤਾਂ ਸਕੂਲ ਬੰਦ ਹੋਣ ਨਾਲ਼ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਪਿਛਲੇ ਸਾਲ ਵੀ ਸਕੂਲ ਬੰਦ ਰਹਿਣ ਕਾਰਨ ਭਾਵੇਂ ਆਨਲਾਈਨ ਪੜ੍ਹਾਈ ਕਰਵਾਈ ਗਈ ਪਰ ਉਸ ਦੇ ਸਾਰਥਕ ਨਤੀਜੇ ਨਹੀਂ ਨਿੱਕਲੇ। ਉਹਨਾਂ ਅੱਗੇ ਕਿਹਾ ਕੀ ਭਾਵੇਂ ਕਰੋਨਾ ਵਾਈਰਸ ਇੱਕ ਖ਼ਤਰਨਾਕ ਵਾਇਰਸ ਹੈ ਪਰ ਸਕੂਲ ਬੰਦ ਕਰਨਾ ਇਸ ਦਾ ਹੱਲ ਨਹੀਂ ਹੈ ਕਿਉਂਕਿ ਬੱਚੇ ਲਗਾਤਾਰ ਬਜ਼ਾਰਾਂ, ਖੁਸ਼ੀ-ਗਮੀ ਦੇ ਸਮਾਗਮਾਂ, ਰਿਸ਼ਤੇਦਾਰੀਆਂ ਆਦਿ ਵਿੱਚ ਵਿਚਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਕੁੱਝ ਸਮੇਂ ਲਈ ਸਕੂਲ ਬੰਦ ਕਰਕੇ ਇਸ ਵਾਇਰਸ ਦਾ ਇਲਾਜ ਹੋ ਜਾਵੇਗਾ ? ਉਹਨਾਂ ਅੱਗੇ ਕਿਹਾ ਕਿ ਸਰਕਾਰ ਨੇ ਜਿਸ ਤਰ੍ਹਾਂ ਕੁੱਝ ਸ਼ਰਤਾਂ ਸਮੇਤ ਬਾਕੀ ਸਭ ਕੁੱਝ ਖ੍ਹੋਲਿਆ ਹੋਇਆ ਹੈ, ਉਸੇ ਤਰ੍ਹਾਂ ਕੋਵਿਡ 19 ਦੇ ਫੈਲਾਓ ਨੂੰ ਰੋਕਣ ਲਈ ਕੁੱਝ ਪਾਬੰਦੀਆਂ ਲਗਾ ਕੇ ਸਕੂਲ ਖੋਲ੍ਹਣ ਦੀ ਆਗਿਆ ਦੇਣੀ ਚਾਹੀਦੀ ਹੈ।
ਇਸ ਮੌਕੇ ਤੇ ਰੈਲੀ ਨੂੰ ਸੰਬੋਧਨ ਕਰਦਿਆਂ ਸਮਾਜ ਸੇਵੀ ਵੀਨੂੰ ਗੋਇਲ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਇਸ ਭਵਿੱਖ ਦੀ ਨੀਹ ਲਗਾਤਾਰ ਤਾਰ ਤਾਰ ਹੋ ਰਹੀ ਹੈ। ਸਕੂਲਾਂ ਦੇ ਬੰਦ ਹੋਣ ਕਰਕੇ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਸਕੂਲਾਂ ਵਿਚ ਬੜੇ ਸੁਚੱਜੇ ਤਰੀਕੇ ਨਾਲ ਪ੍ਰਬੰਧਕ ਵਿਦਿਆਰਥੀਆਂ ਨੂੰ ਸਿੱਖਿਆ ਮੁਹਇਆ ਕਰਵਾ ਸਕਦੇ ਹਨ
ਅੰਤ ਵਿੱਚ ਉਹਨਾਂ ਫੈਡਰੇਸ਼ਨ ਦੀ ਸਹਿਯੋਗੀ ਜੱਥੇਬੰਦੀ "ਪਾਸਾ" ਦੇ ਪ੍ਰਿੰਸੀਪਲ ਜਗਦੀਸ਼ ਸਿੰਘ ਘਈ, ਮਨੀਸ਼ ਅਰੋੜਾ, ਨਰਿੰਦਰਪਾਲ ਸਿੰਘ, ਸ਼ਰਦਾ ਚੋਪੜਾ, ਸਮੇਤ ਜ਼ਿਲ੍ਹੇ ਭਰ ਵਿੱਚੋਂ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ, ਅਧਿਆਪਨ ਅਤੇ ਗੈਰ-ਅਧਿਆਪਨ ਅਮਲੇ ਅਤੇ ਟਰਾਂਸਪੋਰਟ ਅਮਲੇ ਦਾ ਧੰਨਵਾਦ ਕੀਤਾ।
No comments:
Post a Comment