- ਸਰਕਾਰੀ ਰਜਿੰਦਰਾ ਕਾਲਜ ਵਿਖੇ ਨਵਾਂ ਆਡੀਟੋਰੀਅਮ ਬਣਾਉਣ ਲਈ ਦਿੱਤਾ 60 ਲੱਖ ਦਾ ਚੈੱਕ
- 2 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗਾ ਇਸਾਈ ਭਾਈਚਾਰੇ ਲਈ ਕਮਿਊਨਟੀ ਸੈਂਟਰ
- ਰਜਿੰਦਰਾ ਕਾਲਜ ਵਿੱਚ ਵਿਦਿਆਰਥੀਆਂ ਲਈ 100 ਬੈਡ ਦਾ ਹੋਸਟਲ ਬਣਾਉਣ ਦਾ ਐਲਾਨ
- ਸ਼ਹਿਰ ਦੇ ਵੱਖ-ਵੱਖ ਵਾਰਡਾਂ ਦਾ ਕੀਤਾ ਦੌਰਾ
ਬਠਿੰਡਾ : ਇੱਥੋਂ ਦੇ ਸਲੱਮ ਏਰੀਏ ਵਿੱਚ ਰਹਿੰਦੇ ਗ਼ਰੀਬ ਲੋਕਾਂ ਨੂੰ ਸ਼ਹਿਰ ਅੰਦਰ ਬਣੀਆਂ ਸ਼ਾਨਦਾਰ ਕਲੋਨੀਆਂ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨਾਂ ਸਹੂਲਤਾਂ ਵਿੱਚ ਸੜਕਾਂ, ਲਾਇਟਾਂ, ਸੀਵਰੇਜ਼ ਤੇ ਪੀਣ ਵਾਲੇ ਸਾਫ਼ ਪਾਣੀ ਦੇ ਸਾਰੇ ਪ੍ਰਬੰਧ ਹੋਣਗੇ। ਇਨਾਂ ਗੱਲਾਂ ਦਾ ਪ੍ਰਗਟਾਵਾਂ ਵਿੱਤ ਮੰਤਰੀ, ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਨੇ ਸ਼ਹਿਰ ਅੰਦਰ ਵੱਖ-ਵੱਖ ਵਾਰਡਾਂ ਦਾ ਦੌਰਾ ਕਰਨ ਮੌਕੇ ਕੀਤਾ। ਇਸ ਮੌਕੇ ਉਨਾਂ ਦੇ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸਲੱਮ ਬਸਤੀਆਂ ਦੇ ਵਾਸ਼ਿੰਦਿਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਝੁੱਗੀ ਝੌਂਪੜੀਆਂ ਵਿੱਚ ਰਹਿਣ ਵਾਲੇ ਗ਼ਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਦਾ ਨਿਵੇਕਲਾ ਉਪਰਾਲਾ 'ਬਸੇਰਾ' ਸਕੀਮ ਤਹਿਤ ਸਲੱਮ ਬਸਤੀਆਂ ਦੇ ਵਸਨੀਕਾਂ ਨੂੰ ਮੁਫ਼ਤ ਰਿਹਾਇਸ਼ੀ ਪਲਾਟ ਦਿੱਤੇ ਜਾ ਰਹੇ ਹਨ। ਜਿਸ ਤਹਿਤ ਸ. ਬਾਦਲ ਵਲੋਂ ਇੱਥੋਂ ਦੀ ਜਨਤਾ ਨਗਰ ਤੇ ਉੜੀਆ ਕਲੋਨੀ ਦੇ 200 ਪਰਿਵਾਰਾਂ ਨੂੰ ਮਾਲਕੀ ਦੇ ਸਰਟੀਫ਼ਿਕੇਟ ਤਕਸੀਮ ਕੀਤੇ।
ਇਸ ਦੌਰਾਨ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਇੱਥੋਂ ਦੇ ਸਰਕਾਰੀ ਰਜਿੰਦਰਾ ਕਾਲਜ ਵਿਖੇ ਨਵਾਂ ਆਡੀਟੋਰੀਅਮ ਬਣਾਉਣ ਲਈ 60 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਹੈ। ਇਸ ਕਾਲਜ ਵਿਚ ਬਾਹਰੋਂ ਪੜਨ ਵਾਲੇ ਲੜਕੀਆਂ ਤੇ ਲੜਕੀਆਂ ਲਈ 50-50 ਬੈਡ ਦਾ ਹੋਸਟਲ ਬਣਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸ. ਬਾਦਲ ਨੇ ਇਸਾਈ ਭਾਈਚਾਰੇ ਲਈ ਨਰੂਆਣਾ ਰੋਡ 'ਤੇ 2 ਏਕੜ ਰਕਬੇ ਵਿੱਚ 2 ਕਰੋੜ ਦੀ ਲਾਗਤ ਨਾਲ ਬਨਣ ਵਾਲੇ ਕਮਿਊਨਟੀ ਸੈਂਟਰ ਲਈ 50 ਲੱਖ ਰੁਪਏ ਦਾ ਚੈਕ ਵੀ ਭੇਂਟ ਕੀਤਾ।
ਆਪਣੇ ਦੌਰੇ ਦੌਰਾਨ ਸ. ਬਾਦਲ ਵਲੋਂ ਰੋਜ਼ ਗਾਰਡਨ, ਗੁਰੂ ਗੋਬਿੰਦ ਸਿੰਘ ਨਗਰ, ਵਿਸ਼ਕਰਮਾ ਮਾਰਕਿਟ, ਪੁਖਰਾਜ ਕਲੋਨੀ, ਉੜੀਆ ਕਲੋਨੀ, ਜੰਤਾ ਨਗਰ, ਰਜਿੰਦਰਾ ਕਾਲਜ ਤੇ ਸਾਈ ਸੇਵਾ ਦਲ, ਟਾਈਪ-3 ਕੁਆਰਟਰ ਸਿਵਲ ਲਾਇਨ, ਸੰਜੇ ਨਗਰ, ਗੁਰੂ ਨਾਨਕਪੁਰਾ, ਕਰਤਾਰ ਬਸਤੀ, ਅਜੀਤ ਰੋਡ, ਹਜੂਰਾ-ਕਪੂਰਾ ਕਲੋਨੀ, ਵੀਰ ਕਲੋਨੀ, ਕਬੀਰ ਪਾਰਕ ਅਤੇ ਅਮਰੀਕ ਸਿੰਘ ਰੋਡ ਆਦਿ ਸਥਾਨਾਂ 'ਤੇ ਪਹੁੰਚ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਸ. ਬਾਦਲ ਨੇ ਜਾਇਜ਼ ਸਮੱਸਿਆਵਾਂ ਦਾ ਮੌਕੇ 'ਤੇ ਹੱਲ ਕੀਤਾ ਅਤੇ ਰਹਿੰਦੀਆਂ ਜਾਇਜ਼ ਸਮੱਸਿਆਵਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ।
ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ, ਸ਼੍ਰੀ ਜੈਜੀਤ ਸਿੰਘ ਜੌਹਲ, ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਕੇ.ਕੇ. ਅਗਰਵਾਲ, ਸ਼੍ਰੀ ਅਰੁਣ ਵਧਾਵਨ, ਸ਼੍ਰੀ ਹਰਵਿੰਦਰ ਸਿੰਘ ਲੱਡੂ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਮੌਜੂਦ ਰਹੇ।
No comments:
Post a Comment