ਬਠਿੰਡਾ, 11 ਫਰਵਰੀ. ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਦੀਆਂ ਮੰਗਾਂ ਸੰਬੰਧੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਗਲਤ ਇਸ਼ਤਿਹਾਰਬਾਜੀ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਧੋਖਾ ਦੇਣ ਦੇ ਖਿਲਾਫ਼ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਬਠਿੰਡਾ ਵਿੱਚ ਵਿਸ਼ਾਲ ਝੰਡਾ ਮਾਰਚ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਆਪਣੇ ਮੋਟਰਸਾਈਕਲ ਅਤੇ ਕੈਂਟਰ ਲੈ ਕੇ ਸ਼ਾਮਲ ਹੋਏ। ਇਹ ਮਾਰਚ ਰੋਜ਼ ਗਾਰਡਨ ਤੋਂ ਸ਼ੁਰੂ ਹੋ ਕੇ ਗੁਰੂ ਗੋਬਿੰਦ ਸਿੰਘ ਨਗਰ, ਬੱਲਾ ਰਾਮ ਨਗਰ, ਟੀਚਰ ਕਲੋਨੀ, ਬਾਬਾ ਫਰੀਦ ਨਗਰ, ਬੀਬੀ ਵਾਲਾ ਚੌਂਕ, ਜੁਝਾਰ ਸਿੰਘ ਨਗਰ, , ਧੋਬੀਆਣਾ ਰੋਡ, ਭਾਗੂ ਰੋਡ, ਹਰਬੰਸ ਨਗਰ, ਊਧਮ ਸਿੰਘ ਨਗਰ, ਅਮਰੀਕ ਸਿੰਘ ਰੋਡ ਅਤੇ ਮਾਲ ਰੋਡ ਆਦਿ ਵਿੱਚੋਂ ਦੀ ਗੁਜਰਦਾ ਹੋਇਆ ਹਨੂੰਮਾਨ ਚੌਂਕ ਪਹੁੰਚ ਕੇ ਸਮਾਪਤ ਹੋਇਆ।
ਇਸ ਮੌਕੇ ਵੱਖ ਵੱਖ ਪੜਾਵਾਂ 'ਤੇ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਆਗੂਆਂ ਸਤੀਸ਼ ਰਾਣਾ, ਜਰਮਨਜੀਤ ਸਿੰਘ, ਠਾਕੁਰ ਸਿੰਘ, ਰਣਜੀਤ ਸਿੰਘ ਰਾਣਵਾਂ, ਸੁਖਜੀਤ ਸਿੰਘ, ਬਾਜ ਸਿੰਘ ਖਹਿਰਾ, ਰਵਿੰਦਰ ਲੂਥਰਾ ਅਤੇ ਦਰਸ਼ਨ ਮੌੜ ਅਾਦਿ ਨੇ ਆਖਿਆ ਕਿ ਮਨਪ੍ਰੀਤ ਬਾਦਲ ਦੀ ਕਰਪੋਰੇਟ ਭਗਤੀ ਅਤੇ ਅੜੀਅਲ ਰਵੱਈਏ ਕਾਰਨ ਛੇਵੇਂ ਤਨਖਾਹ ਕਮਿਸ਼ਨ ਵਿੱਚ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਰਗੜ ਕੇ ਰੱਖ ਦਿੱਤਾ ਗਿਆ ਹੈ। ਪੈਨਸ਼ਨਰਾਂ ਨੂੰ 2.59 ਦੇ ਗੁਣਾਂਕ ਨਾਲ ਪੈਨਸ਼ਨ ਦੁਹਰਾਈ ਕਰਨ ਦੀ ਬਜਾਏ 2.44 ਦੇ ਗੁਣਾਂਕ ਨਾਲ ਜਬਰੀ ਬੰਨ ਦਿੱਤਾ ਗਿਆ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦੁਆਰਾ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਝੂਠੀ ਇਸ਼ਤਿਹਾਰਬਾਜੀ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ ਹੈ, ਜਦ ਕਿ ਪੰਜਾਬ ਦਾ ਇੱਕ ਵੀ ਕੱਚਾ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਇਸੇ ਤਰਾਂ ਮਾਣ ਭੱਤਾ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਵਿੱਚ ਪੰਜਾਬ ਸਰਕਾਰ ਦੇ ਨਾਲ ਨਾਲ ਮਨਪ੍ਰੀਤ ਬਾਦਲ ਵੀ ਵੱਡਾ ਅੜਿੱਕਾ ਬਣਿਆ ਰਿਹਾ।
ਸਾਂਝੇ ਫਰੰਟ ਦੇ ਆਗੂਆਂ ਸਿਕੰਦਰ ਸਿੰਘ ਧਾਲੀਵਾਲ, ਕਰਮਜੀਤ ਸਿੰਘ ਬੀਹਲਾ, ਗੁਰਸੇਵਕ ਸਿੰਘ ਥਰਮਲ, ਭਜਨ ਸਿੰਘ ਗਿੱਲ, ਕੁਲਬੀਰ ਸਿੰਘ ਢਿੱਲੋਂ, ਪ੍ਰੇਮ ਚਾਵਲਾ, ਅਮਰੀਕ ਸਿੰਘ ਕੰਗ, ਡਾ. ਇਕਬਾਲ ਸਿੰਘ ਬਠਿੰਡਾ, ਲੱਖਾ ਸਿੰਘ ਸਹਾਰਨਾ ਅਤੇ ਨਿਰਮਲ ਸਿੰਘ ਬਠਿੰਡਾ ਜ਼ੋਨ ਨੇ ਆਖਿਆ ਕਿ ਮਨਪ੍ਰੀਤ ਬਾਦਲ ਨੇ 2017 ਵਿੱਚ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਬਠਿੰਡਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਚਾਲੂ ਕੀਤੇ ਜਾਣਗੇ ਅਤੇ ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ। ਪ੍ਰੰਤੂ ਸਰਕਾਰ ਬਣਨ 'ਤੇ ਇਸ ਨੇ ਬਠਿੰਡਾ ਥਰਮਲ ਪਲਾਂਟ ਦਾ ਭੋਗ ਪਾ ਦਿੱਤਾ ਅਤੇ ਥਰਮਲ ਦੀ 1700 ਏਕੜ ਜ਼ਮੀਨ ਇੱਕ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਾਰਪੋਰੇਟ ਘਰਾਣਿਆਂ ਨੂੰ ਲੁੱਟਾ ਦਿੱਤੀ। ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਵਿੱਚ ਵੀ ਇਹ ਆਗੂ ਪੂਰੇ ਪੰਜ ਸਾਲ ਤੱਕ ਸਭ ਤੋਂ ਵੱਡਾ ਅੜਿੱਕਾ ਬਣਿਆ ਰਿਹਾ।
ਝੰਡਾ ਮਾਰਚ ਵਿੱਚ ਸੰਬੋਧਨ ਕਰਦਿਆਂ ਮਨਜੀਤ ਸਿੰਘ ਪੰਜੂ, ਬਖ਼ਸ਼ੀਸ਼ ਸਿੰਘ ਬਰਨਾਲਾ, ਹਰਜੀਤ ਸਿੰਘ, ਜਗਪਾਲ ਬੰਗੀ, ਮੱਖਣ ਸਿੰਘ ਖਣਗਵਾਲ, ਗਗਨਦੀਪ ਬਠਿੰਡਾ, ਹਰਜੰਟ ਸਿੰਘ ਬੋਡੇ, ਧਰਮਿੰਦਰ ਮਾਨਸਾ, ਕਮਰਜੀਤ ਸਿੰਘ ਮਾਨ ਅਤੇ ਗੁਰਮੀਤ ਸੁਖਪੁਰ ਨੇ ਕਿਹਾ ਕਿ ਮਨਪ੍ਰੀਤ ਬਾਦਲ ਦੀ ਲੋਕ ਵਿਰੋਧੀ ਪਹੁੰਚ ਕਾਰਨ ਤਨਖਾਹ ਕਮਿਸ਼ਨ ਦੇ ਬਕਾਏ ਹੜੱਪ ਕੀਤੇ ਗਏ, ਮੁਲਾਜ਼ਮਾਂ ਦੇ 38 ਤਰ੍ਹਾਂ ਦੇ ਭੱਤੇ ਕੱਟ ਲਏ ਗਏ, ਅਣ-ਰਿਵਾਇਜਡ ਅਤੇ ਪਾਰਸ਼ਲੀ ਰਿਵਾਇਜਡ ਵਰਗਾਂ ਦੀ ਸਾਲ 2011 ਤੋਂ ਤੋੜੀ ਗਈ ਪੇ ਪੈਰਿਟੀ ਬਹਾਲ ਨਹੀਂ ਕੀਤੀ ਗਈ, 01-01-2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਬਕਾਏ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ 'ਤੇ ਪੰਜਾਬ ਦੀ ਬਜਾਏ ਕੇਂਦਰ ਦੇ ਤਨਖਾਹ ਸਕੇਲ ਲਾਗੂ ਕਰ ਦਿੱਤੇ ਗਏ ਅਤੇ ਪਰਖ ਕਾਲ ਦੌਰਾਨ ਮੁੱਢਲੀ ਤਨਖਾਹ ਦੇਣ ਸੰਬੰਧੀ 15-01-2015 ਦਾ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ ਗਿਆ।
ਇਸ ਮੌਕੇ ਮਨਜੀਤ ਸਿੰਘ ਸੈਣੀ, ਸੌਦਾਨ ਯਾਦਵ, ਕਰਨ ਜੈਨ, ਕੇਵਲ ਸਿੰਘ, ਰਾਜੀਵ ਬਰਨਾਲਾ, ਪ੍ਰਿਤਪਾਲ ਸਿੰਘ ਬਠਿੰਡਾ, ਇੰਦਰਜੀਤ ਸਿੰਘ, ਜਗਸੀਰ ਬਾਂਗਰ, ਰਜਤ ਕੁਮਾਰ ਅਤੇ ਬਲਬੀਰ ਸਿੰਘ ਸਿਵੀਆਂ ਆਦਿ ਨੇ ਵੀ ਸੰਬੋਧਨ ਕੀਤਾ। ਸਾਂਝੇ ਫਰੰਟ ਦੇ ਆਗੂਆਂ ਵੱਲੋਂ ਐਲਾਨ ਕੀਤਾ ਕਿ ਮੁੱਖ ਮੰਤਰੀ ਚੰਨੀ ਦੇ ਹਲਕਾ ਚਮਕੌਰ ਸਾਹਿਬ ਵਿਖੇ 17 ਫਰਵਰੀ ਨੂੰ ਇਸੇ ਤਰਜ ਤੇ ਝੰਡਾ ਮਾਰਚ ਕੀਤਾ ਜਾਵੇਗਾ।