- ਬਠਿੰਡਾ ਨਗਰ ਨਿਗਮ ਦੇ ਸਹਿਯੋਗ ਨਾਲ 3 ਸਾਲਾਂ ਚ ਨੇਪਰੇ ਚੜੇਗਾ ਖੋਜ ਪ੍ਰੋਜੈਕਟ
ਬਠਿੰਡਾ। ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਵਲੋਂ ਸੀਵਰੇਜ ਅਤੇ ਵਾਟਰ ਟ੍ਰੀਟਮੈਂਟ ਟੈਕਨੋਲੋਜੀ ਨਾਲ ਸਬੰਧਿਤ 50 ਲੱਖ ਰੁਪਏ ਦਾ ਵੱਕਾਰੀ ਖੋਜ ਪ੍ਰੋਜੈਕਟ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਸਾਇਣ(ਕੈਮਿਸਟਰੀ) ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਮੀਨੂ ਨੂੰ ਮਿਲਿਆ ਹੈ। ਬਠਿੰਡਾ ਨਗਰ ਨਿਗਮ ਦੇ ਸਹਿਯੋਗ ਨਾਲ 3 ਸਾਲਾਂ ਚ ਉਪਰੋਕਤ ਖੋਜ ਪ੍ਰੋਜੈਕਟ ਨੇਪਰੇ ਚੜੇਗਾ।
ਬਠਿੰਡਾ ਜ਼ਿਲ੍ਹੇ ਦੇ ਸੀਵਰੇਜ ਵਾਟਰ ਵਿੱਚ ਫਾਰਮਾਸਿਊਟੀਕਲ ਅਤੇ ਪਰਸਨਲ ਕੇਅਰ ਪ੍ਰੋਡਕਟਸ (ਪੀ.ਪੀ.ਸੀ.ਪੀ.ਜ਼) ਦੀ ਸਮੱਸਿਆ, ਵਾਤਾਵਰਣ ਦੇ ਚੁਗਿਰਦੇ ਵਿੱਚ ਇਸਦੀ ਬਹੁਤਾਤ ਅਤੇ ਸੀਵਰੇਜ ਦੇ ਪਾਣੀ ਨੂੰ ਮੈਟਲ ਆਰਗੈਨਿਕ ਫਰੇਮਵਰਕ (ਐਮ.ਓ.ਐਫ.) ਨਾਲ ਸੋਧਣ ਦੀ ਪ੍ਰਕਿਰਿਆ ਨਾਲ ਸਬੰਧਿਤ ਨਵੀਨਤਮ ਵਾਟਰ ਟ੍ਰੀਟਮੈਂਟ ਟੈਕਨੋਲੋਜੀ ਬਾਰੇ ਖੋਜ ਕਰਨ ਲਈ 50 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ। ਡਾ. ਮੀਨੂ ਬਠਿੰਡਾ ਨਗਰ ਨਿਗਮ ਦੇ ਸਹਿਯੋਗ ਅਤੇ ਤਾਲਮੇਲ ਨਾਲ ਬਠਿੰਡਾ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿਚ ਇਸ ਪ੍ਰੋਜੈਕਟ ਤੇ ਕੰਮ ਕਰਨਗੇ।
ਇਸ ਪ੍ਰਾਜੈਕਟ ਨੂੰ ਤਿੰਨ ਸਾਲਾਂ ਵਿੱਚ ਪੂਰਾ ਕੀਤਾ ਜਾਣਾ ਹੈ, ਜਿਸ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀ.ਐਸ.ਟੀ.) ਦੁਆਰਾ ਸਪਾਂਸਰ ਕੀਤੀ ਗਈ ਵਾਟਰ ਟੈਕਨਾਲੋਜੀ ਇਨੋਵੇਸ਼ਨ ਕਾਲ 2019 ਸਕੀਮ ਤਹਿਤ ਫੰਡ ਦਿੱਤੇ ਜਾ ਰਹੇ ਹਨ।
ਘਰੇਲੂ ਅਤੇ ਨਗਰ ਨਿਗਮਾਂ ਦੇ ਸੀਵਰੇਜ ਵਾਲੇ ਪਾਣੀ ਨੂੰ ਦੂਸ਼ਿਤ ਕਰਨ ਵਿਚ ਫਾਰਮਾਸਿਊਟੀਕਲ ਅਤੇ ਪਰਸਨਲ ਕੇਅਰ ਪ੍ਰੋਡਕਟਸ ਦੀ ਵਧੇਰੇ ਮਾਤਰਾ ਸਾਰੇ ਸੰਸਾਰ ਵਿਚ ਪਾਈ ਜਾਂਦੀ ਹੈ, ਜਿਸਨੂੰ ਸੀਵਰੇਜ ਟਰੀਟਮੈਂਟ ਪਲਾਂਟ ਵੱਧ ਤੋਂ ਵੱਧ 80 ਪ੍ਰਤੀਸ਼ਤ ਤੱਕ ਹੀ ਕੱਢਣ ਦੀ ਕੁਸ਼ਲਤਾ ਰੱਖਦੇ ਹਨ। ਗੰਦੇ ਪਾਣੀ ਵਿਚ ਪਾਏ ਜਾਣ ਵਾਲੇ ਹਾਨੀਕਾਰਕ ਦੂਸ਼ਣਾਂ ਵਿਚ ਆਈਬੂਪ੍ਰੋਫਿਨ, ਕਾਰਬਾਮਾਜ਼ੇਪੀਨ, ਕੈਫੀਨ ਅਤੇ ਡਾਈਕਲੋਫੇਨਾਕ ਆਦਿ ਪ੍ਰਮੁੱਖ ਤੌਰ ਤੇ ਸ਼ਾਮਿਲ ਹਨ।
ਡਾ. ਮੀਨੂ ਨੇ ਦੱਸਿਆ ਕਿ ਉਪਰੋਕਤ ਖੋਜ ਪ੍ਰਾਜੈਕਟ ਗੰਦੇ ਪਾਣੀ ਵਿਚ ਫਾਰਮਾਸਿਊਟੀਕਲ ਅਤੇ ਪਰਸਨਲ ਕੇਅਰ ਪ੍ਰੋਡਕਟਸ ਦੀ ਮੌਜੂਦਗੀ ਅਤੇ ਇਸ ਦੇ ਉਪਚਾਰ ਨਾਲ ਜੁੜੀਆਂ ਸਮੱਸਿਆਵਾਂ ਦੀ ਨਵੀਨਤਮ ਵਾਟਰ ਟ੍ਰੀਟਮੈਂਟ ਟੈਕਨੋਲੋਜੀ ਰਾਹੀਂ ਜਾਂਚ ਕਰੇਗਾ, ਜੋ ਕਿ ਸੋਧੇ ਹੋਏ ਪਾਣੀ ਦੀ ਵੱਖ-ਵੱਖ ਉਦੇਸ਼ਾਂ ਲਈ ਸੁਚੱਜੀ ਵਰਤੋਂ ਅਤੇ ਪਾਣੀ ਦੇ ਟੇਬਲ ਨੂੰ ਪੁਨਰ ਸੁਰਜੀਤ ਕਰਨ ਲਈ ਲਾਭਕਾਰੀ ਹੋਵੇਗਾ। ਇਹ ਪ੍ਰਾਜੈਕਟ ਸਤਹ ਦੇ ਪਾਣੀ, ਨਹਿਰੀ ਪਾਣੀ, ਧਰਤੀ ਹੇਠਲੇ ਪਾਣੀ, ਕੂੜੇਦਾਨ ਅਤੇ ਟ੍ਰੀਟਡ ਸੀਵਰੇਜ ਦੇ ਪਾਣੀ ਅਤੇ ਮਿੱਟੀ ਵਿਚ ਪੀ.ਪੀ.ਸੀ.ਪੀ.ਜ਼ ਦੀ ਮੌਜੂਦਗੀ ਦੀ ਸਮੱਸਿਆ ਦਾ ਅਧਿਐਨ ਅਤੇ ਵਿਸਥਾਰ ਵਿਚ ਵਿਸ਼ਲੇਸ਼ਣ ਕਰਕੇ ਸਾਕਾਰਾਤਮਕ ਸਿੱਟੇ ਕੱਢਣ ਦੀ ਕੋਸ਼ਿਸ਼ ਕਰੇਗਾ।
ਭਾਰਤ ਵਿੱਚ ਫਾਰਮਾਸਿਊਟੀਕਲ ਅਤੇ ਪਰਸਨਲ ਕੇਅਰ ਪ੍ਰੋਡਕਟਸ ਸਬੰਧੀ ਅਧਿਐਨ ਮੁੱਖ ਤੌਰ ਤੇ ਧਰਤੀ ਹੇਠਲੇ ਪਾਣੀ ਅਤੇ ਗੰਦੇ ਪਾਣੀ ਦੇ ਪ੍ਰਭਾਵਿਤ ਗਾੜ੍ਹੇਪਣ ਤੱਕ ਹੀ ਸੀਮਿਤ ਹੈ। ਭਾਰਤ ਦੇ ਉੱਤਰੀ ਹਿੱਸੇ ਵਿੱਚ ਪੀ.ਪੀ.ਸੀ.ਪੀ. ਬਾਰੇ ਬਹੁਤ ਘੱਟ ਜਾਣਕਾਰੀ ਮੌਜੂਦ ਹੈ, ਜਿਥੇ ਸਾਲ ਵਿੱਚ ਕਈ ਮੌਸਮ ਬਦਲਦੇ ਹਨ। ਹਰ ਖੇਤਰ ਦੀਆਂ ਸਹਿਤ ਸਬੰਧੀ ਸਮੱਸਿਆਵਾਂ ਵੀ ਵੱਖੋ-ਵੱਖਰੀਆਂ ਹੁੰਦੀਆਂ ਹਨ। ਪੰਜਾਬੀਆਂ ਦੀ ਜੀਵਨ ਸ਼ੈਲੀ ਕਾਰਨ ਕਈ ਕਿਸਮ ਦੀਆਂ ਬਿਮਾਰੀਆਂ ਜਿਵੇਂ ਕੈਂਸਰ, ਸ਼ੂਗਰ, ਦਿਲ ਦੀਆਂ ਸਮੱਸਿਆਵਾਂ ਆਦਿ ਕਾਫ਼ੀ ਭਿਆਨਕ ਰੂਪ ਧਾਰਨ ਕਰ ਚੁੱਕੀਆਂ ਹਨ, ਜਿਸ ਦਾ ਮੁੱਖ ਕਾਰਨ ਫਾਰਮਾਸਿਊਟੀਕਲ ਅਤੇ ਪਰਸਨਲ ਕੇਅਰ ਪ੍ਰੋਡਕਟਸ ਦੀ ਵਧੇਰੇ ਵਰਤੋਂ ਵੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ, ਡਾ. ਮੀਨੂ ਨੇ ਦੱਸਿਆ ਕਿ ਬਠਿੰਡਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਪਾਣੀ ਨਾਲ ਜੁੜੀਆਂ ਉਪਰੋਕਤ ਸੱਮਸਿਆਵਾਂ ਦੇ ਹੱਲ ਲਈ ਆਧੁਨਿਕ ਤਕਨੀਕਾਂ ਅਤੇ ਸਿੰਥੇਸਾਈਜ਼ਡ ਮੈਟਲ ਜੈਵਿਕ ਫਰੇਮਵਰਕ ਦੀ ਵਰਤੋਂ ਕੀਤੀ ਜਾਵੇਗੀ, ਜੋ ਕਿ ਸੀਵਰੇਜ ਪਾਣੀ ਵਿਚੋਂ ਪੀ.ਪੀ.ਸੀ.ਪੀ.ਜ਼ ਨੂੰ ਦੂਰ ਕਰਨ ਵਿਚ ਅਹਿਮ ਰੋਲ ਅਦਾ ਕਰੇਗੀ।
ਡਾ. ਮੀਨੂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਐਮ.ਆਰ.ਐਸ.ਪੀ.ਟੀ.ਯੂ., ਬਠਿੰਡਾ ਨੇ ਲੋਕਾਂ ਦੀ ਸਿਹਤ ਨਾਲ ਜੁੜੇ ਸਥਾਨਕ ਮਸਲਿਆਂ ਬਾਰੇ ਸਮਰਪਿਤ ਖੋਜ ਕਰਨ ਵਿਚ ਉਨ੍ਹਾਂ ਦੇ ਯਤਨਾਂ ਦਾ ਭਰਪੂਰ ਸਮਰਥਨ ਕੀਤਾ ਹੈ।
ਐਮ.ਆਰ.ਐਸ.ਪੀ.ਟੀ.ਯੂ. ਦੇ ਉਪ ਕੁਲਪਤੀ, ਪ੍ਰੋ. ਬੂਟਾ ਸਿੰਘ ਸਿੱਧੂ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਗੁਰਿੰਦਰਪਾਲ ਸਿੰਘ ਬਰਾੜ ਨੇ ਡਾ. ਮੀਨੂ ਨੂੰ ਵਿਭਾਗ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰਨ ਲਈ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਸਫਲਤਾ ਲਈ ਕਾਮਨਾ ਕਰਦਿਆਂ ਭਵਿੱਖ ਦੇ ਉਪਰਾਲਿਆਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਪ੍ਰੋ. ਸਿੱਧੂ ਨੇ ਅੱਗੇ ਕਿਹਾ ਕਿ ਦ੍ਰਿੜਤਾ ਅਤੇ ਸਖਤ ਮਿਹਨਤ ਵਿਗਿਆਨ ਦੇ ਖੇਤਰ ਵਿੱਚ ਹਮੇਸ਼ਾ ਅਹਿਮ ਰੋਲ ਅਦਾ ਕਰਦੀ ਹੈ।
No comments:
Post a Comment