- ਕੋਵਿਡ ਵੈਕਸੀਨ ਦੀ ਸ਼ੁਰੂਆਤ ਨਾਲ ਲੋਕਾਂ ’ਚ ਜਾਗੀ ਆਸ ਦੀ ਕਿਰਨ-ਮਨਪ੍ਰੀਤ ਸਿੰਘ ਬਾਦਲ
- ਡਿਪਟੀ ਕਮਿਸ਼ਨਰ ਨੇ ਬਿਨਾਂ ਡਰ-ਭੈਅ ਤੋਂ ਕਰੋਨਾ ਵੈਕਸੀਨੇਸ਼ਨ ਕਰਵਾਉਣ ਦੀ ਕੀਤੀ ਅਪੀਲ
- 28 ਦਿਨਾਂ ਬਾਅਦ ਕਰੋਨਾ ਵੈਕਸੀਨ ਦੀ ਦਿੱਤੀ ਜਾਵੇਗੀ ਦੂਜੀ ਡੋਜ਼
ਇਸ ਤੋਂ ਪਹਿਲਾਂ ਵਿੱਤ ਮੰਤਰੀ ਸ. ਬਾਦਲ ਵਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਹੋਏ ਵਰਚੂਅਲ ਪ੍ਰੋਗਰਾਮ ’ਚ ਵੀ ਸ਼ਿਰਕਤ ਕੀਤੀ ਗਈ। ਇਸ ਵਰਚੂਅਲ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ ਟੀਕਾਕਰਨ ਅਤੇ ਰਾਸ਼ਨ ਡਿਪੂਆਂ ਦੀ ਅਲਾਟਮੈਂਟ ਦੀ ਸ਼ੁਰੂਆਤ ਕੀਤੀ ਗਈ।
ਇਸ ਉਪਰੰਤ ਵਿੱਤ ਮੰਤਰੀ ਸ. ਬਾਦਲ ਦੀ ਮੌਜੂਦਗੀ ਵਿਚ ਸਿਵਲ ਹਸਪਤਾਲ ਵਿਖੇ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਬਠਿੰਡਾ ਏਮਜ਼ ਦੇ ਐਗਜੀਕਿਊਟਿਵ ਡਾਇਰੈਕਟਰ ਡਾ. ਡੀ.ਕੇ ਸਿੰਘ ਤੇ ਦੂਸਰਾ ਟੀਕਾ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੇ ਲਗਾਇਆ ਗਿਆ।
ਇਸ ਮੌਕੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲੇ ਪੜਾਅ ਤਹਿਤ ਕੋਵਿਡ ਵੈਕਸੀਨ ਦੀ ਸ਼ੁਰੂਆਤ ਕੋਵਿਡ ਮਹਾਂਮਾਰੀ ਦੌਰਾਨ ਮੂਹਰਲੀਆਂ ਕਤਾਰਾਂ ’ਚ ਲੜਨ ਵਾਲੇ ਸਿਹਤ ਕਾਮਿਆਂ ਤੋਂ ਕੀਤੀ ਗਈ ਹੈ। ਉਨਾਂ ਇੱਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਆਉਣ ਵਾਲੇ ਤਿੰਨ-ਚਾਰ ਮਹੀਨਿਆਂ ’ਚ ਕੋਵਿਡ ਵੈਕਸੀਨ ਆਮ ਮੈਡੀਕਲ ਸਟੋਰਾਂ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਉਨਾਂ ਇੱਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੂਬਾ ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਕੋਈ ਵੀ ਵਿਅਕਤੀ ਇਸ ਟੀਕਾਕਰਨ ਤੋਂ ਵਾਝਾਂ ਨਾ ਰਹੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਜ਼ਿਲੇ ਅੰਦਰ ਤਿੰਨ ਵੈਕਸੀਨੇਸ਼ਨ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨਾਂ ’ਚ ਸਿਵਲ ਹਸਪਤਾਲ ਬਠਿੰਡਾ, ਸੀ.ਐਚ.ਸੀ. ਗੋਨਿਆਣਾ, ਐਸ.ਡੀ.ਐਚ. ਤਲਵੰਡੀ ਸਾਬੋ ਸ਼ਾਮਲ ਹਨ। ਉਨਾਂ ਕਿਹਾ ਕਿ ਕਰੋਨਾ ਵੈਕਸੀਨ ਦੀ ਦੂਸਰੀ ਡੋਜ਼ 28 ਦਿਨਾਂ ਬਾਅਦ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਡਰ-ਭੈਅ ਤੋਂ ਕਰੋਨਾ ਵੈਕਸੀਨ ਲਗਵਾਉਣ ਲਈ ਅੱਗੇ ਆਉਣ ਤੇ ਹੋਰਨਾਂ ਵਿਅਕਤੀਆਂ ਨੂੰ ਵੀ ਪ੍ਰੇਰਿਤ ਕਰਨ ਤਾਂ ਜੋ ਇਸ ਨਾਮਰਾਦ ਬਿਮਾਰੀ ਦੀ ਲਾਗ ਤੋਂ ਨਿਯਾਤ ਮਿਲ ਸਕੇ।
ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਵੈਕਸੀਨ ਦੀ ਸ਼ੁਰੂਆਤ ਉਪਰੰਤ ਜ਼ਿਲਾ ਟੀਕਾਕਰਨ ਅਫਸਰ ਮਿਨਾਕਸੀ ਸਿੰਗਲਾ, ਸਹਾਇਕ ਸਿਵਲ ਸਰਜਨ ਡਾ. ਅਨੁਪਮਾਂ ਸਰਮਾਂ, ਜ਼ਿਲਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਡੀ.ਐਫ.ਪੀ.ਓ. ਡਾ. ਗੁਰਦੀਪ ਸਿੰਘ, ਡੀ.ਐਮ.ਸੀ. ਡਾ. ਰਮਨਦੀਪ ਸਿੰਗਲਾ, ਡਾ. ਪਾਮਿਲ ਬਾਂਸਲ, ਡਾ. ਜਯੰਤ ਅਗਰਵਾਲ ਵਲੋਂ ਵੈਕਸੀਨ ਦਾ ਟੀਕਾ ਲਗਵਾਇਆ ਗਿਆ।
ਇਸ ਦੌਰਾਨ ਉਨਾਂ ਦੇ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼੍ਰੀ ਕੇ.ਕੇ. ਅਗਰਵਾਲ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਜਗਰੂਪ ਸਿੰਘ ਗਿੱਲ ਅਤੇ ਸ਼੍ਰੀ ਅਰੁਣ ਵਧਾਵਨ ਤੋਂ ਇਲਾਵਾ ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਜਸਪ੍ਰੀਤ ਸਿੰਘ ਕਾਹਲੋ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
No comments:
Post a Comment