ਬਠਿੰਡਾ। ਬਾਬਾ ਫ਼ਰੀਦ ਕਾਲਜ ਦੇ ਵੁਮੈਨ ਡਿਵੈਲਪਮੈਂਟ ਸੈੱਲ ਵੱਲੋਂ 'ਅੰਤਰਰਾਸ਼ਟਰੀ ਮਹਿਲਾ ਦਿਵਸ' ਮੌਕੇ ਔਰਤ ਸਸ਼ਕਤੀਕਰਨ ਬਾਰੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਮਿਸ ਗੁਰਪ੍ਰੀਤ ਕੌਰ ਮਾਨ, ਇੰਸਪੈਕਟਰ, ਪੰਜਾਬ ਪੁਲਿਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਕਾਲਜ ਦੇ ਵੁਮੈਨ ਡਿਵੈਲਪਮੈਂਟ ਸੈੱਲ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ। ਇਸ ਗਤੀਵਿਧੀ ਵਿੱਚ ਵੱਖ-ਵੱਖ ਕਲਾਸਾਂ ਦੇ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਇਸ ਗਤੀਵਿਧੀ ਦੀ ਕੋਆਰਡੀਨੇਟਰ ਡਾ. ਈਸ਼ਾ ਸੇਠੀ ਨੇ ਮਹਿਮਾਨ ਬੁਲਾਰੇ ਮਿਸ ਗੁਰਪ੍ਰੀਤ ਕੌਰ ਮਾਨ ਅਤੇ ਸਟਾਫ਼ ਮੈਂਬਰਾਂ ਦਾ ਨਿੱਘਾ ਸਵਾਗਤ ਕਰਦਿਆਂ ਇਸ ਦਿਨ ਦੇੇ ਇਤਿਹਾਸ ਬਾਰੇ ਚਾਨਣਾ ਪਾਇਆ। ਮੁੱਖ ਬੁਲਾਰੇ ਵਜੋਂ ਮਿਸ ਗੁਰਪ੍ਰੀਤ ਕੌਰ ਮਾਨ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ ਕਿ ਮੁਸ਼ਕਲਾਂ ਦੀ ਸਥਿਤੀ ਵਿੱਚ ਪੰਜਾਬ ਪੁਲਿਸ ਕਿਵੇਂ ਉਨ੍ਹਾਂ ਦੀ ਮਦਦ ਕਰ ਸਕਦੀ ਹੈ।
ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਸਲਿੰਗ) ਸ੍ਰੀ ਬੀ.ਡੀ. ਸ਼ਰਮਾ ਨੇ ਜ਼ਿੰਦਗੀ ਦੀਆਂ ਅਸਲ ਉਦਾਹਰਨਾਂ ਦਿੰਦਿਆਂ ਦੱਸਿਆ ਕਿ ਇੱਕ ਔਰਤ ਕਿਵੇਂ ਸਭ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਵਿਦਿਆਰਥੀਆਂ ਨੂੰ ਔਰਤਾਂ ਦੀ ਤਾਕਤ ਅਤੇ ਅਧਿਕਾਰਾਂ ਬਾਰੇ ਪ੍ਰੇਰਿਤ ਕੀਤਾ । ਉਨ੍ਹਾਂ ਕਿਹਾ ਕਿ ਸਦੀਆਂ ਤੋਂ ਮਰਦ ਨੂੰ ਸਮਾਜ ਦੇ ਹਰ ਖੇਤਰ ਵਿੱਚ ਵਧੇਰੇ ਸਹੂਲਤਾਂ ਮਿਲੀਆਂ ਹਨ ਅਤੇ ਇਸ ਨੂੰ ਬਦਲਣ ਦੀ ਜ਼ਰੂਰਤ ਹੈ ਕਿਉਂਕਿ ਅਸੀਂ ਸਾਰੇ ਇਨਸਾਨ ਹਾਂ ਅਤੇ ਸਾਰਿਆਂ ਨੂੰ ਬਰਾਬਰ ਅਧਿਕਾਰ ਅਤੇ ਮੌਕੇ ਮਿਲਣੇ ਚਾਹੀਦੇ ਹਨ। ਔਰਤ ਸਸ਼ਕਤੀਕਰਨ ਅਤੇ ਬਰਾਬਰੀ ਸਾਡੇ ਦੇਸ਼ ਦੀ ਤਰੱਕੀ ਲਈ ਸਭ ਤੋਂ ਮਹੱਤਵਪੂਰਨ ਜ਼ਰੂਰਤਾਂ ਹਨ ।
ਹਾਜ਼ਰੀਨ ਨੇ ਇਸ ਸੈਮੀਨਾਰ ਦੌਰਾਨ ਬਹੁਤ ਸਾਰੇ ਨਵੇਂ ਵਿਚਾਰ ਸਿੱਖੇ ਅਤੇ ਭਵਿੱਖ ਵਿੱਚ ਵੀ ਅਜਿਹੇ ਸੈਮੀਨਾਰਾਂ ਵਿੱਚ ਭਾਗ ਲੈਣ ਲਈ ਉਤਸੁਕਤਾ ਦਿਖਾਈ । ਅੰਤ ਵਿੱਚ ਡਾ. ਈਸ਼ਾ ਸੇਠੀ ਨੇ ਸਾਰਿਆਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਦੱਸਿਆ ਕਿ ਲਿੰਗ ਦੇ ਆਧਾਰ 'ਤੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਵਿਦਿਆਰਥੀਆਂ ਵਿੱਚ ਔਰਤਾਂ ਦੇ ਸਮਾਜਿਕ, ਕਾਨੂੰਨੀ ਅਤੇ ਸੰਵਿਧਾਨਕ ਅਧਿਕਾਰਾਂ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਵੱਖ-ਵੱਖ ਕਿਸਮਾਂ ਦੀ ਹਿੰਸਾ ਜਿਵੇਂ ਜਿਨਸੀ, ਸਰੀਰਕ ਅਤੇ ਮਾਨਸਿਕ ਆਦਿ ਬਾਰੇ ਔਰਤਾਂ ਨੂੰ ਜਾਗਰੂਕ ਕਰਨ ਅਤੇ ਗਿਆਨ ਤੇ ਸ਼ਕਤੀ ਨਾਲ ਲੈਸ ਕਰ ਕੇ ਹਰ ਕਿਸਮ ਦੀ ਹਿੰਸਾ ਵਿਰੁੱਧ ਲੜਨ ਲਈ ਔਰਤਾਂ ਨੂੰ ਤਿਆਰ ਕਰਨ ਲਈ ਵੁਮੈਨ ਡਿਵੈਲਪਮੈਂਟ ਸੈੱਲ ਅਜਿਹੇ ਕਈ ਹੋਰ ਸੈਮੀਨਾਰ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ। ਬੀ.ਐਫ. ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਾਲਜ ਦੇ ਵੁਮੈਨ ਡਿਵੈਲਪਮੈਂਟ ਸੈੱਲ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਮਨਾਉਣ 'ਤੇ ਵਧਾਈ ਦਿੱਤੀ ।
No comments:
Post a Comment