ਬਠਿੰਡਾ: ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਕਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਭਾਵ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਹੁਣ ਤੱਕ ਕੀਤੇ ਜਾ ਰਹੇ ਕਾਰਜਾਂ ਤੇ ਤਸੱਲੀ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਪ੍ਰਕਿਰਿਆ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਜਾਰੀ ਰੱਖਣ ਤਾਂ ਜੋ ਕਰੋਨਾ ਦੇ ਪ੍ਰਕੋਪ ਤੋਂ ਜ਼ਿਲ੍ਹਾ ਵਾਸੀਆਂ ਨੂੰ ਬਚਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਖ਼ਾਸ ਹਦਾਇਤ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਬਚਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸ਼ੂਗਰ, ਬਲੱਡ ਪ੍ਰੈਸ਼ਰ ਤੇ ਹਾਰਟ ਦੇ ਮਰੀਜ਼ ਕਰੋਨਾ ਵੈਕਸੀਨ ਲਾਜ਼ਮੀ ਤੌਰ ਤੇ ਲਗਵਾਉਣੀ ਯਕੀਨੀ ਬਣਾਉਣ ਕਿਉਂਕਿ ਕਰੋਨਾ ਵੈਕਸੀਨੇਸ਼ਨ ਉਨ੍ਹਾਂ ਦੀ ਸਿਹਤ ਲਈ ਅਤਿ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਕਰੋਨਾ ਪ੍ਰਬੰਧਾਂ ਨੂੰ ਲੈ ਕੇ ਰੋਜ਼ਾਨਾ ਕੀਤੀ ਜਾ ਰਹੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਸੈਂਪਲਿੰਗ ਤੇ ਵੈਕਸੀਨੇਸ਼ਨ ਦੇ ਕਾਰਜਾਂ ਵਿਚ ਲੱਗੀਆਂ ਸਮੂਹ ਟੀਮਾਂ ਦੀ ਅਣਥੱਕ ਮਿਹਨਤ ਸਦਕਾ ਪਾਜੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਸੰਭਾਵਿਤ ਲੋਕਾਂ ਦੀ ਟ੍ਰੇਸਿੰਗ ਕਰਨ ਦੀ ਸਥਿਤੀ ਵਿਚ ਕਾਫ਼ੀ ਸੁਧਾਰ ਹੋਇਆ ਹੈ। ਪਾਜੀਟਿਵ ਕੇਸਾਂ ਦੀ ਰੈਕਿੰਗ ਵਿਚ ਕਾਫ਼ੀ ਵਾਧਾ ਹੋਇਆ ਹੈ।
ਡਿਪਟੀ ਕਮਿਸ਼ਨਰ ਨੇ ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਸ੍ਰੀ ਪ੍ਰੀਤਮਹਿੰਦਰ ਸਿੰਘ ਬਰਾੜ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚਲੇ ਉਦਯੋਗਾਂ ਤੋਂ ਆਕਸੀਜ਼ਨ ਵਾਲੇ ਸਿਲੰਡਰ ਪ੍ਰਾਪਤ ਕਰਕੇ ਗੈਸ ਸਪਲਾਈ ਕਰਨ ਵਾਲੇ ਬੋਟਲਿੰਗ ਪਲਾਂਟਾਂ ਨੂੰ ਮੁਹੱਈਆ ਕਰਵਾਉਣੇ ਯਕੀਨੀ ਬਣਾਏ ਜਾਣ ਤੇ ਆਕਸੀਜ਼ਨ ਬਣਾਉਣ ਵਾਲੇ ਯੂਨਿਟਾਂ ਤੇ ਖ਼ਾਸ ਨਿਗਰਾਨੀ ਰੱਖੀ ਜਾਵੇ ਤਾਂ ਜੋ ਇਹ ਆਕਸੀਜ਼ਨ ਸਿਲੰਡਰ ਸਿਰਫ਼ ਕਰੋਨਾ ਮੈਡੀਕਲ ਸੇਵਾਵਾਂ ਲਈ ਹੀ ਵਰਤੇ ਜਾ ਸਕਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ਼੍ਰੀ ਗੁਰਬੀਰ ਸਿੰਘ ਕੋਹਲੀ, ਡਾ. ਯਾਦਵਿੰਦਰ ਸਿੰਘ, ਡਾ. ਪਾਮਿਲ, ਤਹਿਸੀਲਦਾਰ ਬਠਿੰਡਾ ਸ਼੍ਰੀ ਸੁਖਬੀਰ ਸਿੰਘ ਬਰਾੜ, ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਅਰਸ਼ੀ, ਬੀ.ਡੀ.ਪੀ.ਓ, ਸ਼੍ਰੀ ਅਭਿਨਵ ਅਤੇ ਜ਼ਿਲ੍ਹਾ ਕੰਟਰੋਲ ਰੂਮ ਇੰਚਾਰਜ ਸ਼੍ਰੀ ਗੁਰਦੀਪ ਸਿੰਘ ਮਾਨ ਤੋਂ ਇਲਾਵਾ ਹੋਰ ਵੱਖ-ਵੱਖ ਕਰੋਨਾ ਸੈਲਾਂ ਦੇ ਇੰਚਾਰਜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
No comments:
Post a Comment