ਕਿਹਾ, ਗੋਤਾਖ਼ੋਰ ਟੀਮਾਂ ਦਾ ਕੀਤਾ ਜਾਵੇ ਖ਼ਾਸ ਪ੍ਰਬੰਧ, 11 ਤੋਂ 14 ਅਪ੍ਰੈਲ ਤੱਕ ਮਨਾਇਆ ਜਾਵੇਗਾ ਵਿਸਾਖੀ ਮੇਲਾ
ਤਲਵੰਡੀ ਸਾਬੋ (ਬਠਿੰਡਾ) : ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹਰ ਸਾਲ ਮਨਾਏ ਜਾਣ ਵਾਲੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਸਬੰਧੀ ਰਵਿਊ ਮੀਟਿੰਗ ਕੀਤੀ। ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ ਨੇ ਦੱਸਿਆ ਕਿ ਕਿਹਾ ਕਿ ਇਸ ਵਾਰ ਦਾ ਮੇਲਾ ਸੂਬਾ ਸਰਕਾਰ ਵਲੋਂ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਾਂਤੀ ਅਤੇ ਸ਼ਰਧਾਪੂਰਵਕ ਢੰਗ ਨਾਲ ਮਨਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਵਲੋਂ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ । ਇਸ ਮੌਕੇ ਐਸ.ਐਸ.ਪੀ ਸ. ਭੁਪਿੰਦਰਜੀਤ ਸਿੰਘ ਵਿਰਕ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਸਾਖੀ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ। ਕੋਵਿਡ ਦੇ ਮੱਦੇਨਜ਼ਰ ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਮੱਦੇਨਜ਼ਰ ਸਾਰੇ ਪ੍ਰਬੰਧਾਂ ਨੂੰ ਪੁਖਤਾ ਰੂਪ ਵਿੱਚ ਨੇਪਰੇ ਚਾੜਿਆ ਜਾਵੇ। ਇਸ ਦੇ ਨਾਲ ਹੀ ਟ੍ਰੈਫਿਕ, ਪਾਰਕਿੰਗ ਅਤੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਮੁਕੰਮਲ ਰੂਪ ਵਿੱਚ ਨੇਪਰੇ ਚਾੜਿਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ ਨੇ ਵਿਸਾਖੀ ਮੇਲੇ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜਨ ਲਈ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ।
ਉਨਾਂ ਵਲੋਂ ਵਿਸਾਖੀ ਮੇਲੇ ਮੌਕੇ ਬਠਿੰਡਾ ਸ਼ਹਿਰ ਤੇ ਤਲਵੰਡੀ ਸਾਬੋ ਵਿਖੇ ਸਥਿਤ ਵੱਖ-ਵੱਖ ਪ੍ਰਮੁੱਖ ਚੌਕਾਂ ਦੀ ਸਜਾਵਟ ਤੋਂ ਇਲਾਵਾ ਸਵਾਗਤੀ ਗੇਟ ਅਤੇ ਝੰਡੇ ਲਗਾਉਣ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਵਧੀਕ ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਵੱਖ-ਵੱਖ ਸਰੋਵਰਾਂ ਨੂੰ ਮੁੱਖ ਰੱਖਦਿਆਂ ਗੋਤਾਖ਼ੋਰਾਂ ਦਾ ਖ਼ਾਸ ਪ੍ਰਬੰਧ ਕੀਤਾ ਜਾਵੇ।
ਉਨਾਂ ਲੋਕਾਂ ਨੂੰ ਖ਼ਾਸ ਅਪੀਲ ਕਰਦਿਆਂ ਕਿਹਾ ਕਿ ਉਹ ਮੇਲੇ ਦੌਰਾਨ ਕਿਸੇ ਵੀ ਅਨਜਾਣ ਵਿਅਕਤੀ ਤੋਂ ਖ਼ਾਣ-ਪੀਣ ਵਾਲੀ ਵਸਤੂ ਆਦਿ ਨਾ ਲੈ ਕੇ ਖਾਣ ਤਾਂ ਜੋ ਕੋਈ ਅਨਸੁਖਾਵੀਂ ਘਟਨਾ ਨਾ ਘਟੇ।
ਇਸ ਬੈਠਕ ’ਚ ਐਸ. ਪੀ. ਹੈਡਕੁਆਰਟਰ ਸ਼੍ਰੀ ਸੁਰਿੰਦਰਪਾਲ ਸਿੰਘ, ਐਸ.ਡੀ.ਐਮ. ਤਲਵੰਡੀ ਸਾਬੋ ਸ਼੍ਰੀ ਵਰਿੰਦਰ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਹਰਕੰਵਲ ਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ, ਡੀ.ਡੀ.ਪੀ.ਓ. ਸ਼੍ਰੀ ਸੁਖਪਾਲ ਸਿੰਘ, ਮੈਨੇਜਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਪਰਮਜੀਤ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
No comments:
Post a Comment