-ਮਹਿਲਾਵਾਂ ਵਲੋਂ ਹੀ ਚਲਾਇਆ ਜਾ ਰਿਹਾ ਹੈ ਪਿੰਡ ਦਾ ਜਲ ਘਰ
ਬਠਿੰਡਾ: ਜ਼ਿਲੇ ਦੇ ਪਿੰਡ ਧੁੰਨੀਕੇ ਦੀ ਮਹਿਲਾ ਸਰਪੰਚ ਤੇ ਹੋਰ ਮਹਿਲਾਵਾਂ ਵਲੋਂ ‘ਹਰ ਘਰ ਪਾਣੀ, ਹਰ ਘਰ ਸਫ਼ਾਈ ਮੁਹਿੰਮ ਤਹਿਤ ਪਿੰਡ ਦੇ ਹਰ ਘਰ ’ਚ ਪਾਣੀ ਪਹੁੰਚਾਉਣ ਲਈ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਕੰਮ ਨੂੰ ਪਿੰਡ ਪੱਧਰੀ ਮਹਿਲਾ ਗ੍ਰਾਮ ਪੰਚਾਇਤ ਵਾਟਰ ਸੈਨੀਟੇਸ਼ਨ ਕਮੇਟੀ ਵਲੋਂ ਨੇਪਰੇ ਚੜਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪਿੰਡ ਦੀ ਪੰਚਾਇਤ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਸ ਦੀ ਹਰ ਪਾਸੇ ਭਰਪੂਰ ਪ੍ਰਸੰਸਾ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ 1 ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਮਨਪ੍ਰੀਤ ਸਿੰਘ ਅਰਸ਼ੀ ਨੇ ਸਾਂਝੀ ਕੀਤੀ।
ਇੰਜੀਨੀਅਰ ਸ਼੍ਰੀ ਅਰਸ਼ੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀ ਜਿੰਮੇਵਾਰੀ ਲੈਣ ਵਾਲੀ ਇਹ ਗ੍ਰਾਮ ਪੰਚਾਇਤ ਜਲ ਸਪਲਾਈ ਕਮੇਟੀ ਪੰਜਾਬ ਦੀ 5ਵੀਂ ਤੇ ਜ਼ਿਲ੍ਹਾ ਬਠਿੰਡਾ ਦੀ ਦੂਜੀ ਕਮੇਟੀ ਹੈ। ਇਸ ਕਮੇਟੀ ਵਿਚ ਪਿੰਡ ਦੀ ਮਹਿਲਾਂ ਸਰਪੰਚ ਵੀਰਪਾਲ ਕੌਰ ਨੂੰ ਚੇਅਰਪਰਸਨ ਤੇ 15 ਮਹਿਲਾਵਾਂ ਸਰਵਸੰਮਤੀ ਨਾਲ ਕਮੇਟੀ ਮੈਂਬਰ ਚੁਣੀਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਜਿਲ੍ਹੇ ਦਾ ਪਿੰਡ ਮਹਿਮਾ ਭਗਵਾਨਾ ਹੈ ਜੋ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਨੰਬਰ 1 ਬਠਿੰਡਾ ਅਧੀਨ ਹੀ ਪੈਂਦਾ ਹੈ। ਜਿਸ ਦੀ ਗ੍ਰਾਮ ਪੰਚਾਇਤ ਜਲ ਸਪਲਾਈ ਕਮੇਟੀ ਵਲੋਂ ਹਰ ਘਰ ਤੱਕ ਪਾਣੀ ਪਹੁੰਚਾਉਣ ਲਈ ਵਾਂਗਡੋਰ ਸੰਭਾਲੀ ਹੋਈ ਹੈ।
ਕਾਰਜਕਾਰੀ ਇੰਜੀਨੀਅਰ ਸ਼੍ਰੀ ਮਨਪ੍ਰੀਤ ਸਿੰਘ ਅਰਸ਼ੀ ਨੇ ਅੱਗੇ ਇਹ ਵੀ ਦੱਸਿਆ ਕਿ ਪਿੰਡ ਧੁੰਨੀਕੇ ਵਿਖੇ ਬਣੇ ਜਲ ਘਰ ਨੂੰ ਪਿੰਡ ਬਾਂਡੀ ਵਿਖੇ ਬਣੇ ਜਲ ਘਰ ਤੋਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਵੱਖਰਾ ਜਲ ਘਰ ਬਣਾਉਣ ਲਈ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅਗਲੀ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਮਹਿਲਾਵਾਂ ਦੇ ਇਸ ਕਾਰਜ ਵਿਚ ਅੱਗੇ ਆਉਣ ਦੀ ਸ਼ਲਾਘਾ ਵੀ ਕੀਤੀ।
ਪਿੰਡ ਦੀ ਮਹਿਲਾ ਸਰਪੰਚ ਵੀਰਪਾਲ ਕੌਰ ਨੇ ਦੱਸਿਆ ਕਿ ਅਜੌਕੇ ਸਮੇਂ ਵਿਚ ਔਰਤਾਂ ਕਿਸੇ ਵੀ ਕੰਮ ’ਚ ਪੁਰਸ਼ ਵਰਗ ਨਾਲੋਂ ਘੱਟ ਨਹੀਂ ਹਨ। ਉਨਾਂ ਕਿਹਾ ਕਿ ਇੱਕ ਔਰਤ ਹੋਣ ਦੇ ਨਾਤੇ ਪਿੰਡ ਦੇ ਸਾਰੇ ਵਿਕਾਸ ਕਾਰਜਾਂ ਨੂੰ ਅੱਗੇ ਲੱਗ ਕੇ ਪਹਿਲ ਦੇ ਆਧਾਰ ’ਤੇ ਕਰਨ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ।
ਜਲ ਸਪਲਾਈ ਵਿਭਾਗ ਦੇ ਐਸ.ਡੀ.ਓ ਸ. ਹਰਪਾਲ ਸਿੰਘ ਨੇ ਦੱਸਿਆ ਕਿ ਧੁੰਨੀਕੇ ਪਿੰਡ ਦਾ ਧਰਤੀ ਹੇਠਲਾ ਪਾਣੀ ਪੀਣਯੋਗ ਨਾ ਹੋਣ ਕਰਕੇ ਪਿੰਡ ਵਾਸੀਆਂ ਦੀ ਨਹਿਰੀ ਪਾਣੀ ਦੀ ਮੁੱਖ ਮੰਗ ਹੈ। ਇਕੋ ਜਲ ਘਰ ਤੋਂ ਪਾਣੀ ਦੀ ਸਪਲਾਈ ਵੱਖ-ਵੱਖ ਪਿੰਡਾਂ ਨੂੰ ਹੋਣ ਕਰਕੇ ਟਾਇਲਾਂ ਤੇ ਬੈਠੇ ਘਰਾਂ ਨੂੰ ਲੋੜ ਅਨੁਸਾਰ ਪਾਣੀ ਨਹੀਂ ਪਹੁੰਚਦਾ ਜਿਸ ਕਰਕੇ ਪਿੰਡ ਬਾਂਡੀ ਵਿਖੇ ਵੱਖਰਾ ਜਲ ਘਰ ਬਣਾਉਣ ਲਈ ਲੋੜੀਂਦਾ ਫੀਲਡ ਡਾਟਾ ਇੱਕਠਾ ਕੀਤਾ ਜਾ ਰਿਹਾ ਹੈ।
ਬਲਾਕ ਸੰਗਤ ਦੇ ਜੇ.ਈ. ਸ਼੍ਰੀ ਹਰਦੇਵ ਸਿੰਘ ਬਲਾਕ ਕੁਆਰਡੀਨੇਟਰ ਸ਼੍ਰੀ ਕਿਰਪਾਲ ਸਿੰਘ ਤੇ ਜਸਵੀਰ ਸਿੰਘ, ਇੰਨਫਰਮੇਸ਼ਨ ਐਜੂਕੇਸ਼ਨ ਕਮਿਊਨੀਕੇਸ਼ਨ ਸਪੈਸ਼ਲਿਸਟ ਸ਼੍ਰੀ ਗੁਰਵਿੰਦਰ ਸਿੰਘ ਅਤੇ ਕਮਿਊਨਿਟੀ ਡਿਵੈਲਪਮੈਂਟ ਸਪੈਸ਼ਲਿਸਟ ਸ਼੍ਰੀ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਪਿੰਡ ਪੱਧਰੀ ਕਮੇਟੀ ਨੂੰ ਹਰ ਤਕਨੀਕੀ ਜਾਣਕਾਰੀ ਅਤੇ ਜਾਗਰੂਕਤਾ ਮੁਹਿੰਮ ਵਿਚ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਨਿਰਵਿਘਨ ਪਾਣੀ ਦੀ ਸਪਲਾਈ ਮਿਲਦੀ ਰਹੇ।
No comments:
Post a Comment