ਬਠਿੰਡਾ: ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਤੇ ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ) ਡਾ. ਬਹਾਦਰ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਜ਼ਿਲੇ ਅਧੀਨ ਪੈਂਦੇ ਬਲਾਕਾਂ (ਬਠਿੰਡਾ, ਤਲਵੰਡੀ ਸਾਬੋ, ਮੌੜ, ਨਥਾਣਾ, ਫੂਲ, ਸੰਗਤ ਅਤੇ ਰਾਮਪੁਰਾ) ਵਿੱਚ ‘ਵਿਸ਼ਵ ਦਾਲ ਦਿਵਸ’ ਮਨਾਇਆ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਵਧ ਚੜ ਕੇ ਹਿੱਸਾ ਲਿਆ ਗਿਆ। ਇਸ ਮੌਕੇ ਡਾ. ਬਹਾਦਰ ਸਿੰਘ ਸਿੱਧੂ ਵੱਲੋਂ ਕੈਂਪ ਦੀ ਉਚੇਚੇ ਤੌਰ ’ਤੇ ਅਗਵਾਈ ਕਰਦਿਆਂ ਦਾਲਾਂ ਤੇ ਬਾਕੀ ਫਸਲਾਂ ਬਾਰੇ ਅਤੇ ਵਿਭਾਗ ਦੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਅਹਿਮ ਜਾਣਕਾਰੀ ਦਿੱਤੀ ਅਤੇ ਦਾਲਾਂ ਹੇਠ ਰਕਬਾ ਵਧਾਉਣ ਦੀ ਵੀ ਅਪੀਲ ਕੀਤੀ ਗਈ। ਬਲਾਕ ਖੇਤੀਬਾੜੀ ਅਫਸਰ ਡਾ. ਡੂੰਗਰ ਸਿੰਘ ਬਰਾੜ ਵੱਲੋਂ ਕੈਂਪ ’ਚ ਸ਼ਾਮਲ ਸਮੂਹ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਖੇਤੀ ਸਬੰਧੀ ਹਰ ਮੁਸ਼ਕਿਲ ਦਾ ਹੱਲ ਕਰਨ ਲਈ ਹਮੇਸ਼ਾ ਤਿਆਰ ਰਹੇਗਾ। ਇਸ ਮੌਕੇ ਡਾ. ਜਸਕਰਨ ਸਿੰਘ ਏ.ਡੀ.ਓ. ਨੇ ਕਿਸਾਨਾਂ ਨੂੰ ਕਣਕ ਦਾ ਬੀਜ ਆਪ ਤਿਆਰ ਕਰਨ ਸਬੰਧੀ, ਕਣਕ ਵਿੱਚ ਆਉਣ ਵਾਲੇ ਸੂਖਮ ਤੱਤਾਂ ਦੀ ਘਾਟ ਅਤੇ ਇਸ ਦੇ ਹੱਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ (ਦਾਲਾਂ) ਡਾ. ਨਵਰਤਨ ਕੌਰ ਨੇ ਵਿਸ਼ਵ ਦਾਲ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਸਾਨਾਂ ਨੂੰ ਦਾਲਾਂ ਦੇ ਫਾਇਦੇ, ਸਾਉਣੀ ਰੁੱਤ ਦੀਆਂ ਦਾਲਾਂ ਅਤੇ ਆਉਣ ਵਾਲੇ ਸਮੇਂ ਵਿੱਚ ਬੀਜੀ ਜਾਣ ਵਾਲੀ ਸਮਰ ਮੂੰਗ ਦੀ ਬਿਜਾਈ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਦਾਲਾਂ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਬਲਾਕ ਬਠਿੰਡਾ ਦੇ ਖੇਤੀਬਾੜੀ ਵਿਕਾਸ ਅਫਸਰ ਡਾ. ਵਕੀਲ ਸਿੰਘ ਤੇ ਡਾ. ਜਸਵਿੰਦਰ ਕੁਮਾਰ ਨੇ ਕਿਸਾਨਾਂ ਨੂੰ ਕਣਕ ਦੇ ਕੀੜੇ ਮਕੌੜੇ, ਬਿਮਾਰੀਆਂ, ਖੇਤੀਬਾੜੀ ਵਿਭਾਗ ਦੀਆਂ ਸਕੀਮਾਂ, ਗੁੱਲੀ ਡੰਡੇ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਕਿਸਾਨਾਂ ਵੱਲੋਂ ਖੇਤੀਬਾੜੀ ਸਬੰਧੀ ਮਾਹਿਰਾਂ ਕੋਲੋਂ ਪ੍ਰਸ਼ਨ ਪੁੱਛੇ ਗਏ ਤੇ ਖੇਤੀ ਮਾਹਿਰਾਂ ਵੱਲੋਂ ਉਨਾਂ ਦੀਆਂ ਸਮੱਸਿਆਵਾਂ ਦਾ ਹੱਲ ਮੌਕੇ ’ਤੇ ਦੱਸਿਆ ਗਿਆ। ਕੈਂਪ ਦੌਰਾਨ ਖੇਤੀਬਾੜੀ ਉੱਪ ਨਿਰੀਖਕ ਸ਼੍ਰੀ ਬਲਦੇਵ ਸਿੰਘ, ਸ਼੍ਰੀ ਸਵਰਨਜੀਤ ਸਿੰਘ, ਸ਼੍ਰੀ ਤਾਰਾ ਸਿੰਘ, ਸ੍ਰੀ ਗੁਰਮਿਲਾਪ, ਡਾ. ਜਸਵਿੰਦਰ ਕੁਮਾਰ ਆਦਿ ਹਾਜ਼ਰ ਸਨ।
No comments:
Post a Comment