45 ਤੋਂ 59 ਸਾਲ ਦੇ ਘਾਤਕ ਬਿਮਾਰੀਆਂ ਵਾਲੇ ਵਿਅਕਤੀਆਂ ਵੀ ਹੋਣਗੇ ਕਵਰ, ਵੈਕਸੀਨੇਸ਼ਨ ਲਈ ਬਠਿੰਡੇ ਦੇ 28 ਪ੍ਰਾਈਵੇਟ ਹਸਪਤਾਲਾਂ ਨੂੰ ਮਾਨਤਾ
ਬਠਿੰਡਾ : ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲੇ ’ਚ ਕੋਵਿਡ ਵੈਕਸੀਨ ਦੇ ਦੂਜੇ ਗੇੜ ’ਚ 60 ਸਾਲ ਤੋਂ ਉਪਰ ਦੇ ਵਿਅਕਤੀਆਂ ਨੂੰ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੌਰਾਨ 45 ਤੋਂ 59 ਸਾਲ ਦੇ ਵੀ ਕਰੌਨਿਕ ਬਿਮਾਰੀਆਂ ਜਿਵੇ ਕਿ ਦਿਲ, ਕਿਡਨੀ ਅਤੇ ਲਿਵਰ ਨਾਲ ਸਬੰਧਤ ਰੋਗ, ਕੈਂਸਰ, ਐਚ.ਆਈ.ਵੀ. ਇਨਫੈਕਸ਼ਨ, ਸੁਗਰ, ਹਾਈ ਬਲੱਡ ਪ੍ਰੈਸ਼ਰ ਅਤੇ ਅੰਗਹੀਣਤਾ ਆਦਿ ਦੇ ਮਰੀਜਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਕੋਵਿਡ ਵੈਕਸੀਨ ਲਗਾਈ ਜਾਵੇਗੀ। ਟੀਕਾਕਰਣ ਲਈ ਬਿਮਾਰੀ ਸਬੰਧੀ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ (ਆਰ.ਐਮ.ਪੀ.) ਦਾ ਜਾਰੀ ਕੀਤਾ ਸਰਟੀਫਿਕੇਟ ਨਾਲ ਲਿਆਉਣਾ ਜ਼ਰੂਰੀ ਹੋਵੇਗਾ ।
ਸਿਵਲ ਸਰਜਨ ਨੇ ਅੱਗੇ ਹੋਰ ਦੱਸਿਆ ਕਿ ਵੈਕਸੀਨੇਸ਼ਨ ਲਈ ਸਰਕਾਰ ਵੱਲੋਂ ਜ਼ਿਲੇ ਦੇ 28 ਪ੍ਰਾਈਵੇਟ ਹਸਪਤਾਲਾਂ ਨੂੰ ਵੀ ਬਤੌਰ ਵੈਕਸੀਨੇਸ਼ਨ ਸੈਂਟਰ ਮਾਨਤਾ ਦਿੱਤੀ ਗਈ ਹੈ। ਇਨਾਂ ਵੈਕਸੀਨੇਸ਼ਨ ਸੈਂਟਰਾਂ ਵਿੱਚ ਸਰਕਾਰ ਵੱਲੋਂ ਪਹਿਲਾਂ ਤੋਂ ਨਿਰਧਾਰਿਤ 250 ਰੁਪਏ ਫੀਸ ਦੇ ਕੇ ਟੀਕਾਕਰਣ ਕਰਵਾਇਆ ਜਾ ਸਕਦਾ ਹੈ, ਪਰੰਤੂ ਸਰਕਾਰੀ ਹਸਪਤਾਲਾਂ ਵਿੱਚ ਇਹ ਟੀਕਾਕਰਣ ਮੁਫਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਵੈਕਸੀਨੇਸ਼ਨ ਸਮੇਂ ਲਾਭਪਤਾਰੀਆਂ ਵੱਲੋਂ ਮਾਸਕ, ਸੈਨੇਟਾਈਜ਼ਰ ਅਤੇ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਿਆ ਜਾਵੇ।
ਡਾ. ਤੇਜਵੰਤ ਢਿੱਲੋਂ ਨੇ ਕਿਹਾ ਕਿ ਇਸ ਟੀਕਾਕਰਣ ਰਜਿਸਟਰੇਸ਼ਨ ਲਈ ਅਰੋਗਿਆ ਸੇਤੂ ਜਾਂ ਕੋਵਿਡ 2.0 ਮੋਬਾਈਲ ਐਪ ਰਾਹੀਂ ਰਜਿਸਟਰੇਸ਼ਨ ਕਰਵਾਉਣੀ ਹੋਵੇਗੀ। ਇਸ ਲਈ ਐਪ ਤੇ ਲੌਗਿਨ ਕਰਨ ਉਪਰੰਤ ਇੱਕ ਸਮੇਂ ਵੱਧ ਤੋਂ ਵੱਧ ਤਿੰਨ ਹੋਰ ਵਿਅਕਤੀਆਂ ਨੂੰ ਰਜਿਸਟਰ ਕੀਤਾ ਜਾ ਸਕਦਾ ਹੈ। ਇਸ ਉਪਰੰਤ ਐਪ ਰਾਹੀਂ ਆਪਣੇ ਨਜਦੀਕੀ ਵੈਕਸੀਨੇਸ਼ਨ ਸੈਂਟਰ ਦੀ ਚੋਣ ਕਰ ਸਕਦੇ ਹੋ। ਇਸ ਤੋਂ ਅੱਗੇ ਐਪ ਤੇ ਸਹੂਲਤ ਅਨੁਸਾਰ ਦਿਨ ਅਤੇ ਸਮਾਂ ਸਲੈਕਟ ਕੀਤਾ ਜਾ ਸਕਦਾ ਹੈ। ਲਾਭਪਾਤਰੀ ਆਪਣੀ ਮਰਜੀ ਨਾਲ ਟੀਕਾਕਰਣ ਦਾ ਦਿਨ ਰੀਸਡਿਊਲ ਵੀ ਕਰ ਸਕਦਾ ਹੈ।
ਸਿਵਲ ਸਰਜਨ ਨੇ ਇਹ ਵੀ ਦੱਸਿਆ ਕਿ ਕੋਵਿਡ ਵੈਕਸ਼ੀਨ ਸੈਂਟਰ ਤੇ ਵੀ ਰਜਿਸਟਰੇਸ਼ਨ ਦੀ ਸੁਵਿਧਾ ਉਪਲਬਧ ਹੋਵੇਗੀ। ਲਾਭਪਾਤਰੀ ਆਪਣੀ ਪਸੰਦ ਅਨੁਸਾਰ ਟੀਕਾਰਣ ਲਈ ਦਿਨ ਅਤੇ ਸਮਾਂ ਚੁਣ ਸਕਦਾ ਹੈ। ਟੀਕਾਕਰਣ ਲਈ ਲਾਭਪਾਤਰੀ ਨੂੰ ਆਪਣੇ ਨਾਲ ਪਹਿਚਾਣ ਪੱਤਰ ਦੇ ਤੌਰ ਤੇ ਆਧਾਰ ਕਾਰਡ, ਵੋਟਰ ਕਾਰਡ, ਆਨਲਾਈਨ ਰਜਿਸ਼ਟਰੇਸ਼ਨ ਸਮੇਂ ਵਰਤਿਆ ਫੋਟੋ ਆਈਡੀ ਕਾਰਡ, ਰੋਜਗਾਰ ਸਰਟੀਫਿਕੇਟ ਜਾਂ ਦਫਤਰੀ ਪਹਿਚਾਣ ਪੱਤਰ ਜਿਸ ਉਪਰ ਫੋਟੋ ਅਤੇ ਜਨਮ ਮਿਤੀ ਲਿਖੀ ਹੋਵੇ ਲੈਕੇ ਆਉਣਾ ਜਰੂਰੀ ਹੋਵੇਗਾ। ਟੀਕਾਕਰਣ ਉਪਰੰਤ ਲਾਭਪਾਤਰੀ ਨੂੰ ਡਿਜੀਟਲ ਕਿਯੂ ਆਰ ਕੋਡ ਬੇਸਡ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ ।
No comments:
Post a Comment