ਬਠਿੰਡਾ . ਵਿਧਾਨਸਭਾ ਸੈਸ਼ਨ ਦੇ 5ਵੇ ਦਿਨ ਹਲਕਾ ਬਠਿੰਡਾ ਦਿਹਾਤੀ ਦੀਆਂ ਸਿਹਤ ਸਹੂਲਤਾਂ ਦਾ ਮੁੱਦਾ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਵਲੋਂ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਧਿਆਨ ਦਿਵਾਉ ਮਤੇ ਦੀ ਬਹਿਸ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੰਨਿਆ ਕਿ ਹਲਕਾ ਬਠਿੰਡਾ ਦਿਹਾਤੀ ਚ' ਸਿਹਤ ਸੰਸਥਾਵਾਂ ਦੀਆਂ ਇਮਾਰਤਾਂ ਬੇਹੱਦ ਖ਼ਰਾਬ ਹਾਲਤ ਵਿੱਚ ਹਨ, ਇਹਨਾਂ ਇਮਾਰਤਾਂ ਦੀ ਉਸਾਰੀ ਲਈ ਨਵੇਂ ਬੱਜਟ ਵਿੱਚ ਫ਼ੰਡ ਰੱਖਿਆ ਜਾਵੇਗਾ।
ਇਸ ਮੌਕੇ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਸਿਹਤ ਮੰਤਰੀ ਬਲਬੀਤ ਸਿੰਘ ਸਿੱਧੂ ਨੂੰ ਦੱਸਿਆ ਕਿ ਪਿੰਡ ਕੋਟਫੱਤਾ ਵਿੱਚ ਅਰਬਨ ਸਲਮ ਏਰੀਆ ਡਿਸਪੈਂਸਰੀ ਕੋਲ ਆਪਣੀ ਇਮਾਰਤ ਨਹੀਂ ਹੈ ਜਿਸ ਕਾਰਨ ਉਥੇ ਲੋਕਾਂ ਨੂੰ ਡਾਕਟਰੀ ਸਿਹਤ ਸਹੂਲਤਾਂ ਨਹੀਂ ਮਿਲ ਪਾ ਰਹੀਆਂ ਹਨ। ਉਹਨਾਂ ਨੇ ਪਿੰਡ ਕੋਟਸ਼ਮੀਰ ਬਾਰੇ ਕਿਹਾ ਕਿ ਪੰਜਾਬ ਦੇ ਵੱਧ ਆਬਾਦੀ ਵਾਲੇ ਪਿੰਡਾਂ ਵਿਚੋਂ ਇੱਕ ਪਿੰਡ ਕੋਟਸ਼ਮੀਰ ਵਿੱਚ ਸਥਾਪਿਤ ਪ੍ਰਾਇਮਰੀ ਹੈਲਥ ਸੈਂਟਰ ਦੀ ਇਮਾਰਤ ਅਸੁਰੱਖਿਅਤ ਹੈ ਜਿੱਥੇ ਜਣੇਪਾ ਸਹੂਲਤਾਂ ਲਈ ਮਾਡਲ ਮੇਟਰਨਲ ਚਾਈਲਡ ਹੈਲਥ ਯੋਜਨਾ ਤਹਿਤ ਵੱਡਾ ਹਸਪਤਾਲ ਬਣਾਇਆ ਜਾਵੇ। ਇਸ ਦੌਰਾਨ ਸੰਗਤ ਮੰਡੀ ਚ' ਸਥਾਪਿਤ ਕਮਿਊਨਿਟੀ ਹੈਲਥ ਸੈਂਟਰ ਦੀ ਅਸੁਰੱਖਿਅਤ ਇਮਾਰਤ ਅਤੇ ਕਈ ਸਾਲਾਂ ਤੋਂ ਖ਼ਰਾਬ ਪਏ ਵਾਟਰ ਵਰਕਸ ਦਾ ਮੁੱਦਾ ਧਿਆਨ ਦਿਵਾਇਆ। ਉਹਨਾਂ ਨੇ ਪਿੰਡ ਮਹਿਤਾ, ਪਥਰਾਲਾ, ਨੰਦਗੜ੍ਹ, ਰਾਏ ਕੇ ਕਲਾ, ਜੰਗੀਰਾਣਾ, ਬੰਬੀਹਾ, ਚਕ ਅਤਰ ਸਿੰਘ ਵਾਲਾ, ਚਕ ਰੁਲਦੂ ਸਿੰਘ ਵਾਲਾ, ਬੱਲੂਆਣਾ ਦੇ ਸਬ ਸੈਂਟਰਾਂ ਦੀ ਖ਼ਰਾਬ ਇਮਾਰਤਾਂ ਬਾਰੇ ਦੱਸਿਆ।
ਇਸ ਦੇ ਜਵਾਬ ਵਿੱਚ ਉਕਤ ਇਮਾਰਤਾਂ ਦੀ ਖਸਤਾ ਹਾਲਤ ਬਾਰੇ ਮੰਨਿਆ ਕਿ ਦਿਹਾਤੀ ਹਲਕੇ ਦੀਆਂ ਸਿਹਤ ਸੰਸਥਾਵਾਂ ਦੀ ਇਮਾਰਤਾਂ ਨੂੰ ਨਵੇਂ ਸਿਰੇ ਤੋਂ ਬਨਾਉਣ ਦੀ ਲੋੜ ਹੈ। ਜਿਸ ਲਈ ਕੋਟਫੱਤਾ ਦੀ ਅਰਬਨ ਸਲਮ ਏਰੀਆ ਡਿਸਪੈਂਸਰੀ ਦੀ ਇਮਾਰਤ ਲਈ 80 ਲੱਖ ਰੁਪਏ, ਕੋਟਸ਼ਮੀਰ ਦੀ ਪੀ ਐਚ ਸੀ ਇਮਾਰਤ ਲਈ 80 ਲੱਖ ਰੁਪਏ, ਸੰਗਤ ਸੀ ਐਚ ਸੀ ਦੀ ਇਮਾਰਤ ਤੇ 57.80 ਲੱਖ, ਹੈਲਥ ਵੈਲਨੇਸ ਸੈਂਟਰ ਦੀ ਉਸਾਰੀ ਲਈ 150 ਲੱਖ ਰੁਪਏ, ਸਬ ਸੈਂਟਰ ਰਾਏ ਕੇ ਕਲਾਂ, ਜੰਗੀਰਾਣਾ, ਬੰਬੀਹਾ, ਬੱਲੂਆਣਾ ਆਦਿ ਦੀਆਂ ਇਮਾਰਤਾਂ ਦੀ ਥਾਂ ਨਵੀਆਂ ਇਮਾਰਤਾਂ ਬਣਾਉਣ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ। ਉਹਨਾਂ ਕਿਹਾ ਕਿ ਬੱਜਟ 2021 ਦੇ ਫ਼ੰਡ ਵਿੱਚੋ ਇਹਨਾਂ ਇਮਾਰਤਾਂ ਦੀ ਹਾਲਤ ਨੂੰ ਸੁਧਾਰ ਦਿੱਤਾ ਜਾਵੇਗਾ। ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਧਾਨਸਭਾ ਵਿੱਚ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੂੰ ਭਰੋਸਾ ਦਿੱਤਾ ਕਿ ਉਹਨਾਂ ਨੂੰ ਨਾਲ ਲੈ ਕੇ ਖੁੱਦ ਸਾਰੀਆਂ ਇਮਾਰਤਾਂ ਦਾ ਦੌਰਾ ਕਰਣਗੇ।
No comments:
Post a Comment