ਬਠਿੰਡਾ. ਉੱਤਰੀ ਭਾਰਤ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬੀ.ਐਫ.ਜੀ.ਆਈ. ਵੱਲੋਂ 'ਕਮਿਊਨਿਟੀ ਕੁਨੈਕਟ' ਪ੍ਰੋਗਰਾਮ ਦੀ ਲੜੀ ਤਹਿਤ ਗਿਆਰ੍ਹਵਾਂ ਵੈਬੀਨਾਰ 'ਫਲਾਂ ਦੀ ਨਰਸਰੀ ਪ੍ਰਬੰਧਨ ਵਿੱਚ ਉੱਦਮਤਾ' ਬਾਰੇ ਕਰਵਾਇਆ ਗਿਆ। ਜਿਸ ਵਿੱਚ ਐਨ.ਐਚ.ਬੀ. ਭਾਰਤ ਸਰਕਾਰ ਦੇ ਰਾਸ਼ਟਰੀ ਸਲਾਹਕਾਰ , ਮਾਹਿਰ ਖੇਤੀ ਵਿਗਿਆਨੀ ਅਤੇ ਆਈ.ਸੀ.ਏ.ਆਰ. ਦੇ ਐਡੀਸ਼ਨਲ ਡਾਇਰੈਕਟਰ ਜਨਰਲ (ਰਿਟਾ.) ਡਾ. ਵਿਸਾਖਾ ਸਿੰਘ ਢਿੱਲੋਂ ਨੇ ਪ੍ਰਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ । ਇਸ ਵੈਬੀਨਾਰ ਵਿੱਚ ਪੰਜਾਬ ਸਮੇਤ ਭਾਰਤ ਦੇ ਵੱਖ- ਵੱਖ ਰਾਜਾਂ ਦੇ ਵਿਦਿਆਰਥੀ, ਅਧਿਆਪਕ ਅਤੇ ਕਿਸਾਨ ਵੱਡੀ ਗਿਣਤੀ ਵਿੱਚ ਆਨਲਾਈਨ ਜੁੜੇ।
ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਸਲਿੰਗ) ਸ੍ਰੀ ਬੀ.ਡੀ. ਸ਼ਰਮਾ ਨੇ ਮਹਿਮਾਨ ਬੁਲਾਰੇ ਅਤੇ ਹਾਜ਼ਰੀਨ ਦਾ ਬੀ.ਐਫ.ਜੀ.ਆਈ. ਤਰਫ਼ੋਂ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਫਲਾਂ ਦੀ ਨਰਸਰੀ ਪ੍ਰਬੰਧਨ ਖੇਤਰ ਵਿੱਚ ਉੱਦਮਤਾ ਬਾਰੇ ਜਾਣੂ ਕਰਵਾਉਣ ਲਈ ਇਹ ਵੈਬੀਨਾਰ ਕਰਵਾਇਆ ਗਿਆ ਹੈ। ਮੁੱਖ ਬੁਲਾਰੇ ਡਾ. ਵਿਸਾਖਾ ਸਿੰਘ ਢਿੱਲੋਂ ਨੇ ਇਸ ਵੈਬੀਨਾਰ ਦੌਰਾਨ ਅੰਕੜਿਆਂ ਦੇ ਆਧਾਰ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜੇਕਰ ਰਾਸ਼ਟਰੀ ਪੱਧਰ ਤੇ ਵੇਖੀਏ ਤਾਂ ਦੇਸ਼ ਦੀ ਜੀ.ਡੀ.ਪੀ. ਵਿੱਚ ਬਾਗ਼ਬਾਨੀ ਖੇਤੀਬਾੜੀ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ ।
ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹਰ ਖੇਤਰ ਤੇ ਬੁਰਾ ਅਸਰ ਪਿਆ ਪਰੰਤੂ ਬਾਗ਼ਬਾਨੀ ਖੇਤਰ ਨੇ ਬਹੁਤ ਤਰੱਕੀ ਕੀਤੀ ਹੈ। ਉਨ੍ਹਾਂ ਨੇ ਨਰਸਰੀ ਦੀਆਂ ਮੁੱਢਲੀਆਂ ਲੋੜਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਰਸਰੀ ਦਾ ਕੰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਮਿੱਟੀ ਦੀ ਪਰਖ ਕਰਵਾਉਣੀ ਚਾਹੀਦੀ ਹੈ ਅਤੇ ਮਿੱਟੀ ਦੇ ਪੀ.ਐਚ. ਪੱਧਰ ਨੂੰ ਵਧਾਉਣ ਜਾਂ ਘਟਾਉਣ ਲਈ ਤਕਨੀਕਾਂ ਬਾਰੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਾਹਿਰਾਂ, ਐਗਰੀਕਲਚਰ ਡਿਵੈਲਪਮੈਂਟ ਅਫ਼ਸਰ ਜਾਂ ਹਾਰਟੀਕਲਚਰ ਡਿਵੈਲਪਮੈਂਟ ਅਫ਼ਸਰ ਤੋਂ ਮਾਰਗ ਦਰਸ਼ਨ ਅਤੇ ਸਲਾਹ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮਿੱਟੀ ਦੀ ਪਰਖ ਤੋਂ ਇਲਾਵਾ ਪਾਣੀ ਦੇ ਸਰੋਤ ਦੇ ਬਾਰੇ ਵੀ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਨਰਸਰੀ ਲਈ ਨਹਿਰ ਦਾ ਪਾਣੀ ਜਾਂ ਟਿਊਬਵੈੱਲ ਦੇ ਜਰੀਏ ਧਰਤੀ ਹੇਠਲਾ ਪਾਣੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਜੇਕਰ ਨਰਸਰੀ ਵਿੱਚ ਫੁੱਲਾਂ ਦੇ ਪੌਦੇ ਜਾਂ ਸਬਜ਼ੀਆਂ ਦੇ ਪੌਦੇ ਵੀ ਸ਼ਾਮਲ ਕਰਨੇ ਹੋਣ ਤਾਂ ਨਰਸਰੀ ਸੜਕ ਦੇ ਨੇੜੇ ਜਾਂ ਨਰਸਰੀ ਤੱਕ ਪਹੁੰਚ ਆਸਾਨ ਹੋਣੀ ਚਾਹੀਦੀ ਹੈ ਜੋ ਗਾਹਕੀ ਲਈ ਚੰਗੀ ਹੈ ਪਰੰਤੂ ਫਲਾਂ ਦੀ ਨਰਸਰੀ ਸੜਕ ਤੋਂ ਥੋੜ੍ਹੀ ਦੂਰ ਜਾ ਕੇ ਵੀ ਬਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀ ਮੰਗ ਦੇ ਅਨੁਸਾਰ ਹੀ ਫਲਾਂ ਦੀਆਂ ਕਿਸਮਾਂ ਦੇ ਪੌਦੇ ਤਿਆਰ ਕਰਨੇ ਚਾਹੀਦੇ ਹਨ। ਮਿਆਰੀ ਪੌਦੇ ਤਿਆਰ ਕਰਨ ਲਈ ਮਦਰ ਬਲਾਕ ਤਿਆਰ ਕਰਨਾ ਚਾਹੀਦਾ ਹੈ ਜੜ ਮੂਲ ਦੇ ਤੌਰ 'ਤੇ ਗਰਾਫਟਿੰਗ ਕਰਨ ਲਈ ਮਾਹਿਰ ਪੇਸ਼ੇਵਰ ਕਾਮਿਆਂ ਦੀ ਵੀ ਬਹੁਤ ਲੋੜ ਹੁੰਦੀ ਹੈ ਜੋ ਤੇਜ਼ੀ ਨਾਲ ਗਰਾਫਟਿੰਗ ਕਰ ਕੇ ਕਲਮਾਂ ਤਿਆਰ ਕਰ ਸਕਣ। ਉਨ੍ਹਾਂ ਕਿਹਾ ਕਿ ਬਾਗ਼ਬਾਨੀ ਦੇ ਕੰਮ ਬਾਰੇ ਵਿਹਾਰਕ ਗਿਆਨ ਹਾਸਲ ਕਰਨ ਲਈ ਪੀ.ਏ.ਯੂ. ਵੱਲੋਂ ਕਰਵਾਏ ਜਾਂਦੇ ਸ਼ਾਰਟ ਟਰਮ ਸਰਟੀਫਿਕੇਟ ਕੋਰਸ ਅਤੇ ਸਕਿੱਲ ਡਿਵੈਲਪਮੈਂਟ ਕੋਰਸ ਲਾਜ਼ਮੀ ਕਰਨੇ ਚਾਹੀਦੇ ਹਨ। ਜਿਸ ਨਾਲ ਸੰਪੂਰਨ ਗਿਆਨ ਲੈ ਕੇ ਸਮਰਪਣ ਭਾਵਨਾ ਨਾਲ ਆਤਮ ਨਿਰਭਰ ਹੋ ਕੇ ਨਰਸਰੀ ਪ੍ਰਬੰਧਨ ਦੇ ਕਾਰੋਬਾਰ ਵਿੱਚ ਨਰਸਰੀ ਦੇ ਕੰਮ ਨੂੰ ਸ਼ੁਰੂ ਕਰਨ ਵਾਲਾ ਹਮੇਸ਼ਾ ਕਾਮਯਾਬ ਹੁੰਦਾ ਹੈ । ਉਨ੍ਹਾਂ ਦੱਸਿਆ ਕਿ ਬਦਲਦੇ ਤਾਪਮਾਨ ਅਨੁਸਾਰ ਨਰਸਰੀ ਦੇ ਪੌਦਿਆਂ ਦੀ ਸਾਂਭ ਸੰਭਾਲ ਲਈ ਨੈੱਟ ਹਾਊਸ ਅਤੇ ਪੋਲੀ ਹਾਊਸ ਬਣਾਉਣ ਨਾਲ ਪੌਦਿਆਂ ਦੀ ਉਪਜ ਨੂੰ ਵਧਾਇਆ ਜਾ ਸਕਦਾ ਹੈ । ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਲਾਗੂ ਹੋਣ ਵਾਲੇ 'ਨਰਸਰੀ ਐਕਟ' ਬਾਰੇ ਵੀ ਸੰਖੇਪ ਵਿੱਚ ਚਾਨਣਾ ਪਾਇਆ ਅਤੇ ਇਸ ਦੇ ਲਾਭ ਬਾਰੇ ਦੱਸਿਆ।
ਉਨ੍ਹਾਂ ਨੇ ਕਿਹਾ ਕਿ ਮੰਗ ਆਧਾਰਿਤ ਹੀ ਨਰਸਰੀ ਦੇ ਖੇਤਰ ਵਿੱਚ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਪਲਾਂਟਿੰਗ ਮੈਟੀਰੀਅਲ ਦੀ ਮਾਰਕੀਟ ਬਾਰੇ ਵੀ ਜਾਣੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਟੇਟ ਡਿਪਾਰਟਮੈਂਟ ਆਫ਼ ਹਾਰਟੀਕਲਚਰ ਕੋਲ ਨਰਸਰੀ ਨੂੰ ਰਜਿਸਟਰ ਕਰਵਾਉਣਾ ਬਹੁਤ ਜ਼ਰੂਰੀ ਹੈ। ਜਿਸ ਲਈ ਘੱਟੋ ਘੱਟ 5 ਏਕੜ ਜ਼ਮੀਨ ਹੋਣੀ ਚਾਹੀਦੀ ਹੈ ਅਤੇ ਵੱਖ-ਵੱਖ ਸਹੂਲਤਾਂ ਅਤੇ ਯੂਨਿਟਾਂ ਲਈ 62 ਲੱਖ ਤੱਕ ਦਾ ਖਰਚਾ ਆਉਂਦਾ ਹੈ ਜਿਸ 'ਤੇ ਬੈਂਕ ਦੁਆਰਾ 40% ਤੱਕ ਸਬਸਿਡੀ ਵੀ ਮਿਲਦੀ ਹੈ । ਉਨ੍ਹਾਂ ਦੱਸਿਆ ਕਿ ਨਰਸਰੀ ਕਾਰੋਬਾਰ ਵਿੱਚ ਬਹੁਤ ਸੰਭਾਵਨਾਵਾਂ ਹਨ ਅਤੇ ਇਸ ਕਾਰੋਬਾਰ ਵਿੱਚ ਪ੍ਰਤੀ ਏਕੜ 50 ਲੱਖ ਤੋਂ ਵਧੇਰੇ ਕਮਾਇਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਮਾਨਤਾ ਪ੍ਰਾਪਤ ਨਰਸਰੀ ਹੀ ਕਾਮਯਾਬ ਹੋਵੇਗੀ ਅਤੇ ਗ਼ੈਰ ਮਾਨਤਾ ਪ੍ਰਾਪਤ ਨਰਸਰੀ ਨੂੰ ਪੌਦੇ ਵੇਚਣ ਦਾ ਅਧਿਕਾਰ ਨਹੀਂ ਹੋਵੇਗਾ । ਉਨ੍ਹਾਂ ਨੇ ਨਰਸਰੀ ਪ੍ਰਬੰਧਨ ਅਤੇ ਮਾਨਤਾ ਲੈਣ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਖੇਤੀਬਾੜੀ ਦਾ ਕੰਮ ਕੁਦਰਤ ਦੇ ਬਹੁਤ ਨੇੜੇ ਹੈ ਅਤੇ ਇੱਕ ਨੇਕ ਕੰਮ ਹੈ ਜੋ ਮਨੁੱਖਤਾ ਦੀ ਸੇਵਾ ਵੀ ਹੈ । ਉਨ੍ਹਾਂ ਕਿਹਾ ਕਿ ਨਰਸਰੀ ਸ਼ੁਰੂ ਕਰਨ ਵਾਲੇ ਦਾ ਇਹ ਧਰਮ ਹੈ ਕਿ ਇਮਾਨਦਾਰੀ ਨਾਲ ਸਹੀ ਪੌਦੇ ਦੇਵੇ ਤਾਂ ਉਹ ਯਕੀਨਨ ਕਾਮਯਾਬ ਹੋਵੇਗਾ । ਅੰਤ ਵਿੱਚ ਵੈਬੀਨਾਰ ਦੇ ਸੰਚਾਲਕ ਸ੍ਰੀ ਬੀ.ਡੀ. ਸ਼ਰਮਾ ਨੇ ਡਾ. ਢਿੱਲੋਂ ਅਤੇ ਹਾਜ਼ਰੀਨ ਦਾ ਬੀ.ਐਫ.ਜੀ.ਆਈ. ਤਰਫ਼ੋਂ ਧੰਨਵਾਦ ਕੀਤਾ। ਕੁੱਲ ਮਿਲਾ ਕੇ ਇਹ ਵੈਬੀਨਾਰ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਇੱਕ ਉਸਾਰੂ ਉਪਰਾਲਾ ਸੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ.ਗੁਰਮੀਤ ਸਿੰਘ ਧਾਲੀਵਾਲ ਨੇ 'ਫਲਾਂ ਦੀ ਨਰਸਰੀ ਪ੍ਰਬੰਧਨ ਵਿੱਚ ਉੱਦਮਤਾ' ਬਾਰੇ ਇਸ ਵੈਬੀਨਾਰ ਨੂੰ ਕਰਵਾਉਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।
No comments:
Post a Comment