ਮੌੜ ਮੰਡੀ. ਖੇਤੀ ਕਾਨੂੰਨਾਂ ਖ਼ਿਲਾਫ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਤਕੜਾ ਕਰਨ ਲਈ ਜਿੱਥੇ ਸੂਬੇ ਭਰ ਦੀਆਂ ਪੰਚਾਇਤਾਂ ਵੱਲੋਂ ਅੰਦੋਲਨ ’ਚ ਸ਼ਮੂਲੀਅਤ ਕਰਨ ਲਈ ਮਤੇ ਪਾਏ ਜਾ ਰਹੇ ਹਨ, ਉੱਥੇ ਹੀ ਬਲਾਕ ਮੌੜ ਦੇ ਚਾਰ ਪਿੰਡ ਮਾਈਸਰਖਾਨਾ, ਘੁੰਮਣ ਕਲਾਂ, ਕਮਾਲੂ ਅਤੇ ਰਾਜਗੜ ਕੁੱਬੇ ਦੀਆਂ ਗ੍ਰਾਮ ਪੰਚਾਇਤਾਂ ਨੇ ਕਿਸਾਨ ਯੂਨੀਅਨਾਂ ਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਹਰ ਪਰਿਵਾਰ ਦੇ ਇੱਕ ਜੀਅ ਦੇ ਦਿੱਲੀ ਅੰਦੋਲਨ ’ਚ ਸ਼ਾਮਿਲ ਹੋਣ ਲਈ ਮਤੇ ਪਾਏ ਗਏ। ਇਸ ਸਬੰਧੀ ਮਾਈਸਰਖਾਨਾ ਦੇ ਸਰਪੰਚ ਸੱਤਨਾਮ ਸਿੰਘ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਅਵਾਜ਼ ਨੂੰ ਦਬਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸਿਸ਼ਾਂ ਨੂੰ ਅਸਫ਼ਲ ਬਣਾਉਣ ਲਈ ਪਿੰਡ ਮਾਈਸਰਖਾਨਾ ਵਾਸੀਆਂ ਵੱਲੋਂ ਮਤਾ ਪਾਸ ਕੀਤਾ ਹੈ, ਕਿ ਹਰ ਇੱਕ ਪਰਿਵਾਰ ’ਚੋ ਇੱਕ ਜੀਅ ਕਿਸਾਨ ਅੰਦੋਲਨ ਵਿਚ ਸ਼ਾਮਿਲ ਹੋਵੇਗਾ ਅਤੇ ਜੇਕਰ ਕੋਈ ਵਿਅਕਤੀ ਕਿਸੇ ਕਾਰਨਾ ਕਰਕੇ ਨਹੀ ਜਾ ਸਕਦਾ, ਤਾਂ ਉਸ ਵਿਅਕਤੀ ਦੀ 11 ਸੌਂ ਰੁਪਏ ਦਾ ਕਿਸਾਨ ਸੰਘਰਸ਼ ਫੰਡ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਵਿਅਕਤੀ ਕੇਂਦਰ ਸਰਕਾਰ ਦੇ ਅੱਤਿਆਚਾਰ ਦਾ ਸ਼ਿਕਾਰ ਹੁੰਦਾ ਹੈ, ਜਾਂ ਫਿਰ ਦਿੱਲੀ ’ਚ ਕਿਸੇ ਕਿਸਾਨ ਦੇ ਟਰੈਕਟਰ ਦਾ ਨੁਕਸਾਨ ਹੁੰਦਾ ਹੈ, ਤਾਂ ਇਸ ਨੁਕਸਾਨ ਦੀ ਭਰਪਾਈ ਪਿੰਡ ਵਾਸੀਆਂ ਵੱਲੋਂ ਕੀਤੀ ਜਾਵੇਗੀ। ਪਿੰਡ ਘੁੰਮਣ ਕਲਾਂ ਦੇ ਸਰਪੰਚ ਜੱਗਾ ਸਿੰਘ ਨੇ ਦੱਸਿਆ ਕਿ ਪਿੰਡ ਵਿਚੋਂ ਹਰ ਐਤਵਾਰ 55 ਮੈਂਬਰਾਂ ਦਾ ਜਥਾ ਦਿੱਲੀ ਨੂੰ ਰਵਾਨਾ ਹੋਇਆ ਕਰੇਗਾ। ਜੇਕਰ ਕੋਈ ਵਿਅਕਤੀ ਜਥੇ ਨਾਲ ਨਹੀ ਜਾ ਸਕਦਾ, ਤਾਂ ਉਹ ਵਿਅਕਤੀ 2 ਹਜ਼ਾਰ ਰੁਪਏ ਜਥੇਬੰਦੀ ਨੂੰ ਫੰਡ ਦੇਵੇਗਾ। ਸਰਪੰਚ ਮਨਜੀਤ ਕੌਰ ਵਾਸੀ ਰਾਜਗੜ ਕੁੱਬੇ ਨੇ ਕਿਹਾ ਕਿ ਪਿੰਡ ਵਿਚੋਂ ਘਰ ਘਰ ਦਾ ਵਿਅਕਤੀ ਕਿਸਾਨ ਮੋਰਚੇ ਲਈ ਜਾਵੇਗਾ ਅਤੇ ਟਰੈਕਟਰ ਦੇ ਤੇਲ ਦਾ ਖਰਚਾ ਪਿੰਡ ਵਾਸੀਆਂ ਵੱਲੋਂ ਕੀਤਾ ਜਾਵੇਗਾ ਅਤੇ ਉਹ ਵਿਅਕਤੀ 10 ਦਿਨ ਲਈ ਮੋਰਚੇ ’ਚ ਰਹਿਣਗੇ। ਇਸ ਤੋਂ ਇਲਾਵਾ ਪਿੰਡ ਕਮਾਲੂ, ਪੂਹਲੀ ਅਤੇ ਕਾਹਨ ਸਿੰਘ ਵਾਲਾ ਦੀਆਂ ਗ੍ਰਾਮ ਪੰਚਾਇਤਾਂ ਨੇ ਕਿਸਾਨ ਮੋਰਚੇ ’ਚ ਸ਼ਮੂਲੀਅਤ ਕਰਨ ਲਈ ਮਤੇ ਪਾਏ।
ਫੋਟੋ ਕੈਪਸ਼ਨ : ਪਿੰਡ ਮਾਈਸਰਖਾਨਾ ਵਿਖੇ ਮਤੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਸੱਤਨਾਮ ਸਿੰਘ
No comments:
Post a Comment