ਮਹਿਲਾਵਾਂ ਵਲੋਂ ਹੀ ਚਲਾਇਆ ਜਾ ਰਿਹਾ ਹੈ ਪਿੰਡ ਮਹਿਮਾ ਭਗਵਾਨਾ ਦਾ ਜਲ ਘਰ
ਬਠਿੰਡਾ, 8 ਫ਼ਰਵਰੀ : ਬੈਸਟ ਸਰਪੰਚ ਦਾ ਖ਼ਿਤਾਬ ਜਿੱਤਣ ਵਾਲੀ ਜ਼ਿਲੇ ਦੇ ਪਿੰਡ ਮਹਿਮਾ ਭਗਵਾਨਾ ਦੀ ਮਹਿਲਾ ਸਰਪੰਚ ਕੁਲਵਿੰਦਰ ਕੌਰ ਬਰਾੜ ‘ਹਰ ਘਰ ਪਾਣੀ, ਹਰ ਘਰ ਸਫ਼ਾਈ’ ਮੁਹਿੰਮ ਤਹਿਤ ਪਿੰਡ ਦੇ ਹਰ ਘਰ ’ਚ ਪਾਣੀ ਪਹੁੰਚਾਉਣ ਲਈ ਵਡਮੁੱਲਾ ਯੋਗਦਾਨ ਪਾ ਰਹੀ ਹੈ। ਇਸ ਕੰਮ ਨੂੰ ਪਿੰਡ ਪੱਧਰੀ ਮਹਿਲਾ ਗ੍ਰਾਮ ਪੰਚਾਇਤ ਵਾਟਰ ਸੈਨੀਟੇਸ਼ਨ ਕਮੇਟੀ ਵਲੋਂ ਨੇਪਰੇ ਚੜਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪਿੰਡ ਦੀ ਪੰਚਾਇਤ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪਿੰਡ ਦੀ ਐਮ.ਏ. ਪਾਸ ਮਹਿਲਾ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਔਰਤਾਂ ਕਿਸੇ ਵੀ ਕੰਮ ’ਚ ਪੁਰਸ਼ ਵਰਗ ਨਾਲੋਂ ਘੱਟ ਨਹੀਂ ਹਨ। ਉਨਾਂ ਕਿਹਾ ਕਿ ਇੱਕ ਔਰਤ ਹੋਣ ਦੇ ਨਾਤੇ ਪਿੰਡ ਦੇ ਸਾਰੇ ਵਿਕਾਸ ਦੇ ਕਾਰਜ ਅੱਗੇ ਲੱਗ ਕੇ ਪਹਿਲ ਦੇ ਆਧਾਰ ’ਤੇ ਕੀਤੇ ਜਾ ਰਹੇ ਹਨ ਜਿਸ ਵਿਚ ਸਕੂਲ, ਵਾਟਰ ਵਰਕਸ ਅਤੇ ਖੇਡਾਂ ਸ਼ਾਮਲ ਹਨ।
ਪਿੰਡ ਦੇ ਹਰ ਘਰ ਤੱਕ ਪਾਣੀ ਪਹੁਚਾਉਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਸਰਪੰਚ ਬਣਦਿਆਂ ਹੀ ਸਭ ਤੋਂ ਪਹਿਲਾਂ ਪਿੰਡ ਵਾਸੀਆਂ ਦੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ 13 ਮੈਂਬਰੀ ਮਹਿਲਾ ਗ੍ਰਾਮ ਪੰਚਾਇਤ ਵਾਟਰ ਸੈਨੀਟੇਸ਼ਨ ਕਮੇਟੀ (ਜਿਸ ਵਿਚ ਸਾਰੀਆਂ ਹੀ ਮਹਿਲਾਵਾਂ ਸ਼ਾਮਲ ਹਨ) ਦਾ ਗਠਨ ਕੀਤਾ ਗਿਆ। ਪੰਜਾਬ ਦੀ ਪਲੇਠੀ ਮਹਿਲਾ ਕਮੇਟੀ ਦਾ ਮਾਣ ਹਾਸਲ ਕਰਨ ਵਾਲੀ ਇਸ ਮਹਿਲਾ ਕਮੇਟੀ ਵਲੋਂ ਸਭ ਤੋਂ ਪਹਿਲਾਂ ਘਰ-ਘਰ ਜਾ ਕੇ ਪਿੰਡ ਵਾਸੀਆਂ ਨੂੰ ਪਾਣੀ ਦੀ ਮਹੱਤਤਾ ਦੱਸਦਿਆਂ ਹੋਇਆ ਪੈਸੇ ਇਕੱਤਰ ਕਰਕੇ ਜਲ ਘਰ ਦਾ ਸਾਰਾ ਪੈਂਡਿੰਗ ਬਿੱਲ ਭਰਿਆ ਗਿਆ।
ਪਿੰਡ ਦੀ ਕਰੀਬ 2 ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ’ਚ ਘਰ-ਘਰ ਤੱਕ ਪਾਣੀ ਪਹੁੰਚਾਉਣ ਲਈ ਨਵੀਆਂ ਪਾਇਪਾਂ ਪਾਈਆਂ ਗਈਆਂ ਅਤੇ ਪਾਣੀ ਦੀ ਹੁੰਦੀ ਲੀਕੇਜ਼ ਰੋਕੀ ਗਈ। ਇਸ ਸਮੇਂ ਪਿੰਡ ਵਾਸੀਆਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਉਣ ਵਾਸਤੇ 310 ਕੁਨੈਕਸ਼ਨ ਹਨ। ਪਿੰਡ ਵਾਸੀਆਂ ਨੂੰ ਰੋਜ਼ਾਨਾ 2 ਟਾਇਮ ਸਵੇਰ ਤੇ ਸ਼ਾਮ 2-2 ਘੰਟੇ ਨਿਰਵਿਘਨ ਪਾਣੀ ਦੀ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ।
ਮਹਿਲਾ ਸਰਪੰਚ ਕੁਲਵਿੰਦਰ ਕੌਰ ਨੇ ਹੋਰ ਦੱਸਿਆ ਕਿ ਪਿੰਡ ਦੇ ਜਲ ਘਰ ਨੂੰ ਪਿੰਡ ਦੀਆਂ ਦੋ ਕਰਮਚਾਰੀ ਮਹਿਲਾਵਾਂ ਵਲੋਂ ਹੀ ਚਲਾਇਆ ਜਾ ਰਿਹਾ ਹੈ ਜਿਸ ਵਿਚ ਇੱਕ ਓਪਰੇਟਰ ਤੇ ਇੱਕ ਬਿੱਲ ਕਲਰਕ ਮੌਜੂਦ ਹਨ। ਸਰਪੰਚ ਦਾ ਇਹ ਕਹਿਣਾ ਹੈ ਕਿ ਹਰ ਮਹੀਨੇ ’ਚ ਇੱਕ ਮੀਟਿੰਗ ਰੱਖੀ ਜਾਂਦੀ ਹੈ ਜਿਸ ਵਿਚ ਪਿੰਡ ਦੇ ਵਿਕਾਸ ਕਾਰਜਾਂ ਬਾਰੇ ਵਿਚਾਰ-ਚਰਚਾ ਕੀਤੀ ਜਾਂਦੀ ਹੈ ਤੇ ਸਮੇਂ-ਸਮੇਂ ’ਤੇ ਪਿੰਡ ਵਾਸੀਆਂ ਨੂੰ ਪਾਣੀ ਦੀ ਸਾਂਭ-ਸੰਭਾਲ ਲਈ ਪੇ੍ਰਰਿਤ ਕੀਤਾ ਜਾਂਦਾ ਹੈ।
ਫੋਟੋ ਕੈਪਸ਼ਨ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ‘ਹਰ ਘਰ ਪਾਣੀ, ਹਰ ਘਰ ਸਫ਼ਾਈ’ ਮੁਹਿੰਮ ਦੀ ਸ਼ੁਰੂਆਤ ਮੌਕੇ ਹੋਏ ਸਮਾਗਮ ’ਚ ਸਮੂਲੀਅਮ ਦੌਰਾਨ ਪਿੰਡ ਮਹਿਮਾ ਭਗਵਾਨਾ ਦੀ ਮਹਿਲਾ ਸਰਪੰਚ ਕੁਲਵਿੰਦਰ ਕੌਰ ਦੀ ਫਾਇਲ ਫੋਟੋ।
No comments:
Post a Comment