ਬਠਿੰਡਾ: ਕੋਵਿਡ-19 ਦੇ ਚਲਦਿਆਂ ਅਤੇ ਕਰੋਨਾ ਦੀ ਤੀਸਰੀ ਸੰਭਾਵੀਂ ਲਹਿਰ ਨੂੰ ਧਿਆਨ ’ਚ ਰੱਖਦਿਆਂ ਸੂਬਾ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਹੀ ਆਉਣ ਵਾਲੇ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ (ਆਈ.ਏ.ਐਸ) ਨੇ ਆਜ਼ਾਦੀ ਦਿਹਾੜੇ ਸਬੰਧੀ ਕਰਵਾਏ ਜਾਣ ਵਾਲੇ ਜ਼ਿਲਾ ਪੱਧਰੀ ਸਮਾਗਮ ਦੀਆਂ ਅਗਾਊਂ ਤਿਆਰੀਆਂ ਨੂੰ ਲੈ ਕੇ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਉਨਾਂ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚੜਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੰਦਿਆਂ ਉਨਾਂ ਨੂੰ ਸੌਂਪੀਆਂ ਗਈਆਂ ਜੁੰਮੇਵਾਰੀਆਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਵੀ ਕਿਹਾ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਅਜ਼ਾਦੀ ਦਿਹਾੜੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸਮਾਗਮ ਵਾਲੇ ਸਥਾਨ ਅਤੇ ਸ਼ਹਿਰ ਦੇ ਵੱਖ-ਵੱਖ ਚੌਂਕਾਂ ਦੀ ਸਜਾਵਟ ਤੇ ਸਾਫ਼-ਸਫ਼ਾਈ ਤੋਂ ਇਲਾਵਾ ਵੱਖ-ਵੱਖ ਥਾਵਾਂ ‘ਤੇ ਸਵਾਗਤੀ ਗੇਟ ਲਗਾਉਣ ਦੇ ਵੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਉਨਾਂ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਮਾਰੋਹ ਵਾਲੇ ਸਥਾਨ ਨੂੰ ਸੈਨੇਟਾਈਜ਼ ਤੇ ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਹਾਜ਼ਰੀਨ ਦੇ ਹੱਥਾਂ ਨੂੰ ਸੈਨੇਟਾਈਜ਼ ਕਰਵਾਉਣਾ ਯਕੀਨੀ ਬਣਾਉਣਗੇ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਦਫਤਰ ਕਮਿਸ਼ਨਰ ਨਗਰ ਨਿਗਮ ਨੂੰ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਸਾਫ਼-ਸਫ਼ਾਈ ਤੇ ਪਾਣੀ ਦਾ ਛਿੜਕਾਓ ਕਰਨਾ ਯਕੀਨੀ ਬਣਾਉਣ, ਡਿਪਟੀ ਡਾਇਰੈਕਟਰ ਸੈਨਿਕ ਭਲਾਈ ਵਿਭਾਗ ਨੂੰ ਆਰਮੀ ਬੈਂਡ ਅਤੇ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਤੇ ਸੈਕੰਡਰੀ ਨੂੰ ਪੀਟੀ ਸ਼ੋਅ ਲਈ ਬੈਂਡ ਦਾ ਪ੍ਰਬੰਧ ਕਰਨ। ਪੁਲਿਸ ਵਿਭਾਗ ਨੂੰ ਪ੍ਰੇਡ ਲਈ ਟੁਕੜੀਆਂ ਤਿਆਰ ਕਰਨ ਤੇ ਪਿ੍ਰੰਸੀਪਲ ਰਜਿੰਦਰਾਂ ਕਾਲਜ ਅਤੇ ਕਮਾਂਡਟ ਐਨਸੀਸੀ ਨੂੰ ਪ੍ਰੇਡ ਲਈ ਲੜਕੇ ਅਤੇ ਲੜਕੀਆਂ ਦੀਆਂ ਪਲਟੂਨਾਂ ਤੇ ਸਿੱਖਿਆ ਵਿਭਾਗ ਨੂੰ ਸਕਾਊਟਸ ਅਤੇ ਗਾਇਡਜ਼ ਦੀ ਇੱਕ-ਇੱਕ ਪਲਟੂਨ ਤਿਆਰ ਕਰਨ ਲਈ ਆਦੇਸ਼ ਦਿੱਤੇ।
ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਅਤੇ ਜਨਰਲ ਮਨੇਜ਼ਰ ਪੀ.ਆਰ.ਟੀ.ਸੀ. ਬਠਿੰਡਾ ਨੂੰ ਆਜ਼ਾਦੀ ਘੁਲਾਟੀਆਂ ਲਈ ਬੱਸ ਅੱਡੇ ਤੋਂ ਸਟੇਡੀਅਮ ਤੱਕ ਲਿਆਉਣ ਤੇ ਛੱਡਣ ਵਾਸਤੇ ਬੱਸਾਂ ਦੇ ਲੋੜੀਂਦੇ ਪ੍ਰਬੰਧ ਕਰਨ, ਸਕੱਤਰ ਜ਼ਿਲਾ ਰੈਡ ਕਰਾਸ ਸੁਸਾਇਟੀ ਬਠਿੰਡਾ ਨੂੰ ਸਮਾਰੋਹ ਦੌਰਾਨ ਲੋੜਵੰਦਾਂ ਨੂੰ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾਂ ਦੀ ਵੰਡ ਕਰਨਾ ਯਕੀਨੀ ਬਣਾਉਣ ਲਈ ਕਿਹਾ। ਨਿਗਰਾਨ ਇੰਜੀਅਨਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਸਟੇਡੀਅਮ ਵਿਖੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਹਦਾਇਤ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਸ਼ਹਿਰ ਅੰਦਰਲੇ ਮੁੱਖ ਚੌਂਕਾਂ ਦੀ ਸਜਾਵਟ ਲਈ ਡਿਪਟੀ ਡਾਇਰੈਟਰ ਸੈਨਿਕ ਭਲਾਈ ਨੂੰ ਸ਼ਹੀਦ ਨੰਦ ਸਿੰਘ ਚੌਂਕ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਮੋਬਾਇਲ ਵਿੰਗ ਨੂੰ ਥਰਮਲ ਪਲਾਂਟ ਦੀਆਂ ਝੀਲਾਂ ਕੋਲ ਬਣੇ ਭਾਈ ਘਨਈਆ ਚੌਂਕ, ਜਨਰਲ ਮੈਨੇਜ਼ਰ ਜ਼ਿਲਾ ਉਦਯੋਗ ਕੇਂਦਰ ਨੂੰ ਘੋੜੇ ਵਾਲਾ ਚੌਂਕ ਦੀ ਸਾਫ਼-ਸਫ਼ਾਈ ਤੇ ਸਜਾਵਟ ਕਰਨ ਲਈ ਨਿਰਦੇਸ਼ ਦਿੱਤੇ।
ਇਸੇ ਤਰਾਂ ਜ਼ਿਲਾ ਮੈਨੇਜ਼ਰ ਮਾਰਕਫ਼ੈਡ ਨੂੰ ਬਾਬਾ ਵਾਲਮਿਕੀ ਚੌਂਕ, ਪਿ੍ਰੰਸੀਪਲ ਸਰਕਾਰੀ ਰਾਜਿੰਦਰਾ ਕਾਲਜ ਨੂੰ ਸਰਕਟ ਹਾਊਸ ਨੇੜੇ ਚੌਂਕ, ਕਾਰਜ ਸਾਧਕ ਅਫ਼ਸਰ ਨਗਰ ਸੁਧਾਰ ਟਰੱਸਟ ਨੂੰ ਡੌਲਫ਼ਿਲ ਚੌਂਕ, ਜ਼ਿਲਾ ਮੈਨੇਜਰ ਪਨਸਪ ਨੂੰ ਖੇਡ ਸਟੇਡੀਅਮ ਦੇ ਪਿਛਲੇ ਪਾਸੇ ਵਾਲਮਿਕੀ ਚੌਂਕ ਤੇ ਕਮਿਸ਼ਨਰ ਨਗਰ ਨੂੰ ਮਿੰਨੀ ਸਕੱਤਰੇਤ ਦੇ ਨੇੜਲੇ ਡਾ. ਅੰਬੇਦਕਰ ਪਾਰਕ ਦੀ ਸਫ਼ਾਈ ਤੇ ਸਜਾਵਟ ਯਕੀਨੀ ਬਣਾਉਣ ਲਈ ਕਿਹਾ।
ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਨੇ ਸ਼ਹਿਰ ਅੰਦਰਲੇ ਪ੍ਰਮੁੱਖ ਸਥਾਨਾਂ ਜਿਵੇਂ ਕਿ ਗੋਨਿਆਣਾ ਰੋਡ ਤਿੰਨਕੋਣੀ ਚੌਂਕ ਨੇੜੇ, ਹਨੂੰਮਾਨ ਚੌਂਕ ਨੇੜੇ, ਮਾਲ ਰੋਡ ਨੇੜੇ ਫਾਇਰ ਬਿ੍ਰਗੇਡ ਚੌਂਕ, ਨਹਿਰ ਨੇੜੇ, ਸਰਕਟ ਹਾਊਸ ਨੇੜੇ ਰਜਿੰਦਰਾ ਕਾਲਜ ਚੌਂਕ ਅਤੇ ਭਾਈ ਮਨੀ ਹਸਪਤਾਲ ਨੇੜੇ ਸਜਾਵਟੀ ਗੇਟ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਚੌਂਕਾਂ ਦੀ ਸਜਾਵਟ ਅਤੇ ਸਜਾਵਟੀ ਗੇਟ 14 ਅਗਸਤ ਦੁਪਿਹਰ ਤੱਕ ਹਰ ਹਾਲਤ ਵਿਚ ਤਿਆਰ ਕਰਨੇ ਯਕੀਨੀ ਬਣਾਏ ਜਾਣ।
ਇਸ ਮੌਕੇ ਉਪ ਮੰਡਲ ਮੈਜਿਸਟੇ੍ਰਟ ਬਠਿੰਡਾ ਸ਼੍ਰੀਮਤੀ ਹਰਜੋਤ ਕੌਰ, ਪੀਸੀਐਸ ਸ. ਬਬਨਦੀਪ ਸਿੰਘ ਵਾਲੀਆ, ਐਸਪੀ ਹੈਡਕੁਆਰਟਰ ਸ. ਸੁਰਿੰਦਰਪਾਲ ਸਿੰਘ, ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨਾਂ ਦੇ ਨੁਮਾਇੰਦੇ ਹਾਜ਼ਰ ਸਨ।